PSL 6 : ਮੁਨਰੋ ਦਾ ਅਰਧ ਸੈਂਕੜਾ, ਇਸਲਾਮਾਬਾਦ ਨੇ ਕਰਾਚੀ ਨੂੰ 8 ਵਿਕਟਾਂ ਨਾਲ ਹਰਾਇਆ
Tuesday, Jun 15, 2021 - 04:19 PM (IST)
ਆਬੂਧਾਬੀ— ਕੋਲਿਨ ਮੁਨਰੋ ਤੇ ਇਫ਼ਤਿਖ਼ਾਰ ਅਹਿਮਦ ਦੇ ਅਜੇਤੂ ਅਰਧ ਸੈਂਕੜਿਆਂ ਦੇ ਦਮ ’ਤੇ ਇਸਲਾਮਾਬਾਦ ਯੂਨਾਈਟਿਡ ਨੇ ਸਾਬਕਾ ਚੈਂਪੀਅਨ ਕਰਾਚੀ ਕਿੰਗਜ਼ ਨੂੰ ਪਾਕਿਸਤਾਨ ਸੁਪਰ ਲੀਗ ’ਚ ਅੱਠ ਵਿਕਟਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਦੇ ਮੁਨਰੋ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦੇ ਹੋਏ 56 ਗੇਂਦਾਂ ’ਚ 88 ਦੌੜਾਂ ਬਣਾਈਆਂ। ਜਦਕਿ ਅਹਿਮਦ ਨੇ 39 ਗੇਂਦਾਂ ’ਚ 71 ਦੌੜਾਂ ਦੀ ਪਾਰੀ ਖੇਡੀ। ਇਸਲਾਮਾਬਾਦ ਨੇ ਜਿੱਤ ਲਈ 191 ਦੌੜਾਂ ਦਾ ਟੀਚਾ 8 ਗੇਂਦ ਬਾਕੀ ਰਹਿੰਦੇ ਹਾਸਲ ਕਰ ਲਿਆ।
ਇਸ ਤੋਂ ਪਹਿਲਾਂ ਬਾਬਰ ਆਜ਼ਮ (81) ਤੇ ਅਫ਼ਗਾਨਿਸਤਾਨ ਦੇ ਨਜੀਬੁੱਲ੍ਹਾ ਜਾਦਰਾਨ (ਅਜੇਤੂ 71) ਦੀਆਂ ਪਾਰੀਆਂ ਤੇ 123 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਕਰਾਚੀ ਨੇ 4 ਵਿਕਟਾਂ ’ਤੇ 190 ਦੌੜਾਂ ਬਣਾਈਆਂ। ਇਸਲਾਮਾਬਦ ਦੇ ਕਪਤਾਨ ਸ਼ਾਦਾਬ ਖ਼ਾਨ ਨੇ ਟਾਸ ਜਿੱਤ ਕੇ ਫ਼ੀਲਡਿੰਗ ਦਾ ਫ਼ੈਸਲਾ ਲਿਆ ਸੀ। ਇਸ ਜਿੱਤ ਨਾਲ ਇਸਲਾਮਾਬਾਦ ਦੇ 12 ਅੰਕ ਹੋ ਗਏ ਹਨ ਜਦਕਿ ਦੋ ਹੋਰ ਮੈਚ ਬਾਕੀ ਹਨ। ਕਰਾਚੀ ਦੇ 7 ਮੈਚਾਂ ’ਚ 6 ਅੰਕ ਹਨ।