ਟ੍ਰੇਵਰ ਬੇਲਿਸ ਬਣਿਆ ਆਈ. ਪੀ. ਐੱਲ. ਟੀਮ ਹੈਦਰਾਬਾਦ ਦਾ ਕੋਚ
Friday, Jul 19, 2019 - 12:59 AM (IST)

ਨਵੀਂ ਦਿੱਲੀ— ਇੰਗਲੈਂਡ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਆਸਟਰੇਲੀਆ ਦੇ ਟ੍ਰੇਵਰ ਬੇਲਿਸ ਨੂੰ ਆਈ. ਪੀ. ਐੱਲ. ਟੀਮ ਸਨਰਾਈਜਰਜ਼ ਹੈਦਰਾਬਾਦ ਨੇ ਆਪਣਾ ਨਵਾਂ ਕੋਚ ਨਿਯੁਕਤ ਕੀਤਾ ਹੈ। ਬੇਲਿਸ ਆਸਟਰੇਲੀਆ ਦੇ ਹੀ ਟਾਮ ਮੂਡੀ ਦੀ ਜਗ੍ਹਾ ਲਵੇਗਾ, ਜਿਹੜਾ 7 ਸੈਸ਼ਨਾਂ ਤਕ ਹੈਦਰਾਬਾਦ ਟੀਮ ਦਾ ਕੋਚ ਰਿਹਾ ਸੀ। ਮੂਡੀ ਦੇ ਮਾਰਗਦਰਸ਼ਨ 'ਚ ਹੈਦਰਾਬਾਦ ਨੇ 2016 'ਚ ਆਈ. ਪੀ. ਐੱਲ. ਖਿਤਾਬ ਜਿੱਤਿਆ ਸੀ, 2018 'ਚ ਉਪ ਜੇਤੂ ਰਹੀ ਸੀ ਤੇ 2019 'ਚ ਪਲੇਆਫ 'ਚ ਪਹੁੰਚ ਕੇ ਚੌਥੇ ਸਥਾਨ 'ਤੇ ਰਹੀ ਸੀ। ਇੰਗਲੈਂਡ ਨੂੰ ਹਾਲ 'ਚ ਖਤਮ ਹੋਏ ਵਨ ਡੇ ਵਿਸ਼ਵ ਕੱਪ 'ਚ ਪਹਿਲੀ ਵਾਰ ਚੈਂਪੀਅਨ ਬਣਨ ਵਾਲੇ ਬੇਲਿਸ ਦਾ ਇੰਗਲੈਂਡ ਦੇ ਨਾਲ ਕਾਰਜਕਾਲ ਏਸ਼ੇਜ਼ ਸੀਰੀਜ਼ ਤੋਂ ਬਾਅਦ ਖਤਮ ਹੋ ਜਾਵੇਗਾ। ਬੇਲਿਸ ਦਾ ਆਈ. ਪੀ. ਐੱਲ. ਵਿਚ ਇਹ ਦੂਜਾ ਕਾਰਜਕਾਲ ਹੋਵੇਗਾ। ਉਹ ਇਸ ਤੋਂ ਪਹਿਲਾਂ 2012 ਤੋਂ 2015 ਤਕ ਕੋਲਕਾਤਾ ਨਾਈਟ ਰਾਈਡਰਜ਼ ਟੀਮ ਦਾ ਕੋਚ ਰਿਹਾ ਸੀ ਅਤੇ ਇਸ ਦੌਰਾਨ ਕੋਲਕਾਤਾ ਨੇ ਦੋ ਵਾਰ ਖਿਤਾਬ ਜਿੱਤਿਆ ਸੀ।