ਗੁਰੂ-ਚੇਲੇ ਦਾ ਰਿਸ਼ਤਾ ਹੋਇਆ ਤਾਰ-ਤਾਰ ! ਕੋਚ ਨੇ ਹੀ ਰੋਲ'ਤੀ ਖਿਡਾਰਨ ਦੀ ਪੱਤ
Thursday, Jan 08, 2026 - 01:05 PM (IST)
ਫਰੀਦਾਬਾਦ/ਨਵੀਂ ਦਿੱਲੀ : ਭਾਰਤੀ ਖੇਡ ਜਗਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਰਾਸ਼ਟਰੀ ਪੱਧਰ ਦੀ 17 ਸਾਲਾ ਮਹਿਲਾ ਨਿਸ਼ਾਨੇਬਾਜ਼ ਨੇ ਨੈਸ਼ਨਲ ਪਿਸਟਲ ਕੋਚ ਅੰਕੁਸ਼ ਭਾਰਦਵਾਜ 'ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਹਨ। ਪੁਲਸ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਦੋਸ਼ੀ ਕੋਚ ਵਿਰੁੱਧ ਪੋਕਸੋ (POCSO) ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੀੜਤ ਨਾਬਾਲਿਗ ਖਿਡਾਰਨ, ਜੋ ਪਿਛਲੇ ਸਾਲ ਅਗਸਤ ਤੋਂ ਭਾਰਦਵਾਜ ਕੋਲ ਸਿਖਲਾਈ ਲੈ ਰਹੀ ਸੀ, ਨੇ ਦੱਸਿਆ ਕਿ ਉਹ ਇਸ ਘਟਨਾ ਕਾਰਨ ਡੂੰਘੇ ਸਦਮੇ ਵਿੱਚ ਸੀ ਅਤੇ ਉਸ ਨੇ 1 ਜਨਵਰੀ ਨੂੰ ਆਪਣੀ ਮਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਐਨਆਰਏਆਈ (NRAI) ਵੱਲੋਂ ਸਖ਼ਤ ਕਾਰਵਾਈ
ਭਾਰਤੀ ਰਾਸ਼ਟਰੀ ਰਾਈਫਲ ਸੰਘ (NRAI) ਨੇ ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਅੰਕੁਸ਼ ਭਾਰਦਵਾਜ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਐਨਆਰਏਆਈ ਦੇ ਸਕੱਤਰ ਰਾਜੀਵ ਭਾਟੀਆ ਨੇ ਦੱਸਿਆ ਕਿ ਕੋਚ ਨੂੰ ਨੈਤਿਕ ਆਧਾਰ 'ਤੇ ਮੁਅੱਤਲ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ 'ਕਾਰਨ ਦੱਸੋ ਨੋਟਿਸ' ਜਾਰੀ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ, ਭਾਰਦਵਾਜ ਕਿਸੇ ਵੀ ਤਰ੍ਹਾਂ ਦੀ ਕੋਚਿੰਗ ਗਤੀਵਿਧੀ ਨਾਲ ਨਹੀਂ ਜੁੜ ਸਕਣਗੇ ਅਤੇ ਉਨ੍ਹਾਂ ਨੂੰ ਹੁਣ ਆਪਣੀ ਬੇਗੁਨਾਹੀ ਸਾਬਤ ਕਰਨੀ ਪਵੇਗੀ। ਜ਼ਿਕਰਯੋਗ ਹੈ ਕਿ ਭਾਰਦਵਾਜ ਨੂੰ ਐਨਆਰਏਆਈ ਦੀ ਸਿਫ਼ਾਰਸ਼ 'ਤੇ ਹੀ ਭਾਰਤੀ ਖੇਡ ਅਥਾਰਟੀ (SAI) ਵੱਲੋਂ 2024 ਪੈਰਿਸ ਓਲੰਪਿਕ ਲਈ ਕੋਚਿੰਗ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।
ਪੁਰਾਣਾ ਵਿਵਾਦਿਤ ਰਿਕਾਰਡ
ਅੰਕੁਸ਼ ਭਾਰਦਵਾਜ ਦਾ ਖੇਡ ਕਰੀਅਰ ਪਹਿਲਾਂ ਵੀ ਵਿਵਾਦਾਂ ਵਿੱਚ ਰਿਹਾ ਹੈ। ਸਾਲ 2010 ਵਿੱਚ ਉਨ੍ਹਾਂ ਨੂੰ ਬੀਟਾ-ਬਲੌਕਰ ਦੀ ਵਰਤੋਂ ਕਾਰਨ ਡੋਪਿੰਗ ਪਾਬੰਦੀ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਲੱਗੇ ਜਿਨਸੀ ਸ਼ੋਸ਼ਣ ਦੇ ਇਨ੍ਹਾਂ ਗੰਭੀਰ ਦੋਸ਼ਾਂ ਨੇ ਖੇਡ ਪ੍ਰਸ਼ਾਸਨ ਅਤੇ ਖਿਡਾਰੀਆਂ ਦੀ ਸੁਰੱਖਿਆ ਪ੍ਰਣਾਲੀ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
