ਕਾਰਲਸਨ ਹੋਵੇਗਾ ਟਾਪ ਸੀਡ, ਜੇਫ੍ਰੀ ਜਿਆਂਗ ਨਾਲ ਖੇਡੇਗਾ ਮੁਕਾਬਲਾ
Saturday, Jun 06, 2020 - 06:56 PM (IST)
ਸੇਂਟ ਲੂਈਸ (ਅਮਰੀਕਾ) (ਨਿਕਲੇਸ਼ ਜੈਨ)— ਕੋਰੋਨਾ ਦੇ ਕਾਰਣ ਲਗਾਤਾਰ ਹੋ ਰਹੇ ਵਿਸ਼ਵ ਪੱਧਰੀ ਮੁਕਾਬਲਿਆਂ ਵਿਚ ਹੁਣ ਤਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ 2,65,000 ਅਮਰੀਕੀਨ ਡਾਲਰ ਵਾਲੇ ਕਲਚ ਸ਼ਤਰੰਜ ਇੰਟਰਨੈਸ਼ਨਲ ਆਨਲਾਈਨ ਟੂਰਨਾਮੈਂਟ ਦਾ ਕੱਲ ਆਗਾਜ਼ ਹੋ ਜਾਵੇਗਾ। ਪਹਿਲੇਰਾਊਂਡ ਵਿਚ ਵਰਲਡ ਚੈਂਪੀਅਨ ਮੈਗਨਸ ਕਾਰਲਸਨ ਦਾ ਸਾਹਮਣਾ ਅਮਰੀਕਾ ਦੇ ਜੇਫ੍ਰੀ ਜਿਆਂਗ ਨਾਲ ਹੋਵੇਗਾ। ਸੇਂਟ ਲੂਈਸ ਸ਼ਤਰੰਜ ਕਲੱਬ ਵਲੋਂ ਆਯੋਜਿਤ ਇਹ ਆਨਲਾਈਨ ਪ੍ਰਤੀਯੋਗਿਤਾ 8 ਖਿਡਾਰੀਆਂ ਦੀ ਨਾਕਆਊਟ ਪ੍ਰਤੀਯੋਗਿਤਾ ਹੈ, ਜਿਸ ਵਿਚ ਕੁਆਰਟਰ ਫਾਈਨਲ ਮੁਕਾਬਲਿਆਂ ਨਾਲ ਹੀ ਟੂਰਨਾਮੈਂਟ ਦੀ ਸ਼ੁਰੂਆਤ ਹੋ ਰਹੀ ਹੈ।
ਹੋਰਨਾਂ ਤਿੰਨ ਮੁਕਾਬਲਿਆਂ ਵਿਚ ਫਰਾਂਸ ਦਾ ਮੈਕਿਸਮ ਲਾਗ੍ਰੇਵ ਅਮਰੀਕਾ ਦੇ ਵੇਸਲੀ ਸੋ ਨਾਲ, ਅਮਰੀਕਾ ਦਾ ਹੀ ਡੋਮਿੰਗਵੇਜ ਪੇਰੇਜ ਫਾਬਿਆਨੋ ਕਾਰੂਆਨਾ ਨਾਲ ਤੇ ਰੂਸ ਦਾ ਅਲੈਗਜ਼ੈਂਡਰ ਗ੍ਰੀਸਚੁਕ ਅਰਮੀਨੀਆ ਦੇ ਲੇਵਾਨ ਆਰੋਨੀਅਨ ਨਾਲ ਮੁਕਾਬਲਾ ਖੇਡਣ ਜਾ ਰਹੇ ਹਨ। ਹਰੇਕ ਕੁਆਰਟਰ ਫਾਈਨਲ ਮੈਚ ਵਿਚ ਦੋ ਦਿਨਾਂ ਵਿਚ ਕੁਲ 12 ਮੈਚ ਖੇਡੇ ਜਾਣਗੇ, ਜਿਨ੍ਹਾਂ ਵਿਚ ਹਰੇਕ ਦਿਨ ਆਖਰੀ ਦੋ ਗੇਮ 'ਕਲਚ' ਹੋਣਗੇ, ਜਿਹੜੇ ਵਾਧੂ ਅੰਕ ਤੇ ਇਨਾਮੀ ਰਾਸ਼ੀ ਲਈ ਖੇਡੇ ਜਾਣਗੇ। ਪ੍ਰਤੀਯੋਗਿਤਾ ਵਿਚ 4 ਖਿਡਾਰੀ ਮੇਜ਼ਬਾਨ ਅਮਰੀਕਾ ਤੋਂ ਤੇ 4 ਕੌਮਾਂਤਰੀ ਸਿਤਾਰੇ ਸ਼ਾਮਲ ਹੋਏ ਹਨ।
ਹਰੇਕ ਮੈਚ ਵਿਚ 12 ਰੈਪਿਡ ਮੁਕਾਬਲੇ ਹੋਣਗੇ, ਜਿੱਥੇ ਹਰੇਕ ਖਿਡਾਰੀ ਕੋਲ ਹਰ ਚਾਲਾਂ ਲਈ 10 ਮਿੰਟ ਹੋਣਗੇ, ਨਾਲ ਹੀ ਹਰ ਚਾਲ ਚੱਲਣ 'ਤੇ 5 ਸੈਕੰਡ ਦਾ ਵਾਧਾ ਹੁੰਦਾ ਹੋਵੇਗਾ।