ਕ੍ਰਿਸ ਵੋਕਸ ਨੇ ਸ਼੍ਰੀਲੰਕਾ ਖ਼ਿਲਾਫ਼ ਪਾਵਰਪਲੇਅ ’ਚ ਬਣਾਇਆ ਇਹ ਖਾਸ ਰਿਕਾਰਡ
Tuesday, Jun 29, 2021 - 05:32 PM (IST)
ਸਪੋਰਟਸ ਡੈਸਕ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਨੇ ਸ਼੍ਰੀਲੰਕਾ ਖ਼ਿਲਾਫ਼ ਖੇਡੇ ਜਾ ਰਹੇ ਪਹਿਲੇ ਵਨ-ਡੇ ਮੈਚ ’ਚ ਪਾਵਰਪਲੇਅ ਦਾ ਇਕ ਵੱਡਾ ਰਿਕਾਰਡ ਬਣਾਇਆ। ਸ਼ੁਰੂ ਤੋਂ ਹੀ ਕਸੀ ਹੋਈ ਗੇਂਦਬਾਜ਼ੀ ਕਰ ਰਹੇ ਵੋਕਸ ਨੇ ਸ਼੍ਰੀਲੰਕਾ ਦੇ ਖਿਡਾਰੀਆਂ ਨੂੰ ਦੌੜਾਂ ਬਣਾਉਣ ਦਾ ਮੌਕਾ ਨਹੀਂ ਦਿੱਤਾ। ਸ਼੍ਰੀਲੰਕਾ ਦੇ ਬੱਲੇਬਾਜ਼ ਵੀ ਵੋਕਸ ਦੇ ਅੱਗੇ ਇੰਨੇ ਬੇਬਸ ਰਹੇ ਕਿ ਉਹ ਵੋਕਸ ਦੇ ਪਹਿਲੇ 5 ਓਵਰਾਂ ’ਚ 6 ਦੌੜਾਂ ਹੀ ਕੱਢ ਸਕੇ। ਵੋਕਸ ਇਸ ਦੇ ਨਾਲ ਹੀ ਪਾਵਰਪਲੇਅ ’ਚ ਚਾਰ ਮੇਡਨ ਪਾਉਣ ਵਾਲੇ ਦੂਜੇ ਗੇਂਦਬਾਜ਼ ਬਣ ਗਏ। ਉਨ੍ਹਾਂ ਤੋਂ ਪਹਿਲਾਂ ਸਟੁਅਰਟ ਬ੍ਰਾਡ ਨੇ ਇਹ ਰਿਕਾਰਡ ਬਣਾਇਆ ਸੀ।
ਬਹਿਰਹਾਲ, ਵੋਕਸ ਨੇ ਆਪਣੇ ਪਹਿਲੇ ਪੰਜ ਓਵਰਾਂ ’ਚ ਚਾਰ ਮੇਡਨ ਸੁੱਟ ਕੇ ਦੋ ਵਿਕਟਾਂ ਵੀ ਝਟਕਾਈਆਂ ਜਿਸ ਕਾਰਨ ਸ਼੍ਰੀਲੰਕਾ ਦੀ ਟੀਮ ਨੇ ਸਿਰਫ਼ 46 ਦੌੜਾਂ ’ਤੇ ਆਪਣੀਆਂ ਤਿੰਨ ਵਿਕਟਾਂ ਗੁਆ ਦਿੱਤੀਆਂ। ਖ਼ਾਸ ਗੱਲ ਇਹ ਰਹੀ ਕਿ ਇਸ ਦੌਰਾਨ ਸ਼੍ਰੀਲੰਕਾ ਦੇ ਬੱਲੇਬਾਜ਼ ਕੁਸਲ ਪਰੇਰਾ ਲਗਭਗ 120 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਉਂਦੇ ਰਹੇ ਪਰ ਵੋਕਸ ਦੀਆਂ ਗੇਂਦਾਂ ਉਨ੍ਹਾਂ ਦੀ ਸਮਝ ’ਚ ਵੀ ਨਹੀਂ ਆਈਆਂ।