ਸ਼ਤਰੰਜ : ਲੇਵਾਨ ਆਰੋਨੀਅਨ ਦੀ ਗ੍ਰੀਸਚੁਕ ''ਤੇ ਰੋਮਾਂਚਕ ਜਿੱਤ

06/10/2020 12:50:31 AM

ਸੇਂਟ ਲੁਈਸ (ਅਮਰੀਕਾ) (ਨਿਕਲੇਸ਼ ਜੈਨ)- ਕਲਚ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਦੇ ਦੂਜੇ ਦਿਨ ਦੋ ਹੋਰ ਕੁਆਰਟਰ ਫਾਈਨਲ ਮੁਕਾਬਲੇ ਸ਼ੁਰੂ ਹੋ ਗਏ ਤੇ ਇਸ ਵਾਰ ਅਮਰੀਕਾ ਦੇ ਫਾਬਿਆਨੋ ਕਾਰੂਆਨਾ ਨੇ ਹਮਵਤਨ ਲਿਨਿਅਰ ਡੋਮਿੰਗੇਜ ਨੂੰ ਤੇ ਅਰਮੀਨੀਆ ਦੇ ਲੇਵੋਨ ਆਰੋਨੀਅਨ ਨੇ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਨੂੰ 5-3 ਦੇ ਸਕੋਰ ਨਾਲ ਪਿੱਛੇ ਛੱਡ ਦਿੱਤਾ। ਇਕ ਵਾਰ ਫਿਰ ਅੱਜ ਕੁੱਲ 6 ਰੈਪਿਡ ਮੁਕਾਬਲੇ ਖੇਡੇ ਗਏ। ਗੱਲ ਕੀਤੀ ਜਾਵੇ ਫਾਬਿਆਨੋ ਦੀ ਤਾਂ ਉਸ ਨੇ ਹਮੇਸ਼ਾ ਦੀ ਤਰ੍ਹਾਂ ਲਿਨਿਅਰ 'ਤੇ ਆਪਣਾ ਦਬਦਬਾ ਬਣਾਈ ਰੱਖਿਆ ਹਾਲਾਂਕਿ ਪਹਿਲੇ ਮੈਚ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਸ ਤੋਂ ਬਾਅਦ ਉਸ ਨੇ 3 ਮੈਚਾਂ ਵਿਚੋਂ 2 ਜਿੱਤ ਕੇ ਤੇ 1 ਡਰਾਅ ਖੇਡ ਕੇ ਉਸ ਨੇ ਸਕੋਰ 2.5-1.4 ਕਰ ਲਿਆ। ਇਸ ਤੋਂ ਬਾਅਦ ਦੋਹਰੇ ਅੰਕਾਂ ਵਾਲੇ ਆਖਰੀ ਦੋ ਮੈਚਾਂ ਵਿਚ ਉਸ ਨੇ ਪਹਿਲਾਂ ਮੁਕਾਬਲਾ ਜਿੱਤ ਕੇ ਸਕੋਰ 4.5-1.5 ਕਰ ਦਿੱਤਾ ਤੇ ਆਖਰੀ ਮੁਕਾਬਲਾ ਡਰਾਅ ਰਹਿਣ ਨਾਲ ਆਖਰੀ ਸਕੋਰ 5.5-2.5 ਰਿਹਾ।
ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਤੇ ਅਰਮੀਨੀਆ ਦੇ ਲੇਵੋਨ ਆਰੋਨੀਅਨ ਵਿਚਾਲ ਰੋਮਾਂਚਕ ਮੁਕਾਬਲੇ ਖੇਡੇ ਗਏ। ਦੋਵਾਂ ਵਿਚਾਲੇ ਪਹਿਲੇ ਆਮ ਚਾਰ ਰੈਪਿਡ ਵਿਚ ਇਕ-ਇਕ ਜਿੱਤ ਤੇ 2 ਡਰਾਅ ਦੇ ਨਾਲ ਸਕੋਰ 2-2 ਸੀ ਪਰ ਇਸ ਤੋਂ ਬਾਅਦ ਦੋਹਰੇ ਅੰਕਾਂ ਵਾਲੇ ਮੁਕਾਬਲਿਆਂ ਵਿਚ ਪਹਿਲਾ ਮੁਕਾਬਲਾ ਡਰਾਅ ਰਿਹਾ ਤੇ ਸਕੋਰ 3-3 ਹੋ ਗਿਆ ਪਰ ਆਖਰੀ ਮੁਕਾਬਲੇ ਵਿਚ ਆਰੋਨੀਅਨ ਨੇ ਬਾਜ਼ੀ ਮਾਰ ਲਈ ਤੇ 5-3 ਦੇ ਸਕੋਰ ਨਾਲ ਆਰੋਨੀਅਨ ਬੜ੍ਹਤ ਬਣਾਉਣ ਵਿਚ ਕਾਮਯਾਬ ਰਿਹਾ। ਹੁਣ ਅਗਲੇ ਗੇੜ ਵਿਚਾਲੇ ਬਚੇ 6 ਮੁਕਾਬਲੇ ਵਿਚ ਤੈਅ ਹੋ ਜਾਵੇਗਾ ਕਿ ਕੌਣ ਬਾਹਰ ਹੋਵੇਗਾ।


Gurdeep Singh

Content Editor

Related News