ਸ਼ਤਰੰਜ : ਭਾਰਤ ਦੇ ਨਿਹਾਲ ਨੇ ਸਾਬਕਾ ਵਿਸ਼ਵ ਚੈਂਪੀਅਨ ਅਨਾਤੋਲੀ ਨੂੰ ਹਰਾਇਆ

Monday, Nov 04, 2019 - 11:32 PM (IST)

ਸ਼ਤਰੰਜ : ਭਾਰਤ ਦੇ ਨਿਹਾਲ ਨੇ ਸਾਬਕਾ ਵਿਸ਼ਵ ਚੈਂਪੀਅਨ ਅਨਾਤੋਲੀ ਨੂੰ ਹਰਾਇਆ

ਕੇਪ ਦੇਗਦੇ (ਨਿਕਲੇਸ਼ ਜੈਨ)— ਫਰਾਂਸ ਵਿਚ ਖਤਮ ਹੋਏ ਕੇਪ ਚੈੱਸ ਫੈਸਟੀਵਲ ਵਿਚ ਭਾਰਤ ਦੇ 15 ਸਾਲਾ ਸਟਾਰ ਖਿਡਾਰੀ ਨਿਹਾਲ ਸਰੀਨ ਤੇ ਰੂਸ ਦੇ 65 ਸਾਲਾ ਸਾਬਕਾ ਵਿਸ਼ਵ ਚੈਂਪੀਅਨ ਅਨਾਤੋਲੀ ਕਾਰਪੋਵ ਵਿਚਾਲੇ ਇਕ ਚਾਰ ਮੈਚਾਂ ਦੀ ਸੀਰੀਜ਼ ਖੇਡੀ ਗਈ, ਜਿਸ ਵਿਚ ਆਖਰੀ ਰਾਊਂਡ ਵਿਚ ਆਪਣੀ ਜਿੱਤ ਦੇ ਦਮ 'ਤੇ ਉਸ ਨੇ ਸੀਰੀਜ਼ ਨੂੰ ਬਰਾਬਰੀ 'ਤੇ ਖਤਮ ਕੀਤਾ। ਸੀਰੀਜ਼ 'ਚ 2 ਰੈਪਿਡ ਦੇ ਮੁਕਾਬਲੇ, 2 ਬਲਿਟਜ਼ ਦੇ ਮੁਕਾਬਲੇ ਖੇਡੇ ਗਏ। ਰੈਪਿਡ ਮੁਕਾਬਲੇ ਵਿਚ ਦੋਵਾਂ ਖਿਡਾਰੀਆਂ ਨੂੰ 25-25 ਮਿੰਟ ਦਿੱਤੇ ਗਏ ਤੇ ਹਰ ਚਾਲ ਵਿਚ 10 ਸੈਕੰਡ ਦਾ ਵਾਧੂ ਸਮਾਂ ਦਿੱਤਾ ਗਿਆ। ਦੋਵੇਂ ਰੈਪਿਡ ਮੁਕਾਬਲੇ ਵੈਸੇ ਤਾਂ ਨਿਹਾਲ ਦੇ ਪੱਖ ਵਿਚ ਜਾਂਦੇ ਦਿਖਾਈ ਦੇ ਰਹੇ ਸਨ ਪਰ ਉਹ ਆਪਣੀ ਬੜ੍ਹਤ ਨੂੰ ਕਾਇਮ ਰੱਖਣ ਵਿਚ ਕਾਮਯਾਬ ਰਿਹਾ ਤੇ ਮੈਚ ਡਰਾਅ ਰਿਹਾ ਤੇ ਸਕੋਰ 1-1 ਦਾ ਹੋ ਗਿਆ।
ਇਸ ਤੋਂ ਬਾਅਦ 5 ਮਿੰਟ ਪ੍ਰਤੀ ਖਿਡਾਰੀ ਦੇ 2 ਬਲਿਟਜ਼ ਮੁਕਾਬਲੇ ਖੇਡੇ ਗਏ, ਜਿਸ ਵਿਚ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਕਾਰਪੋਵ ਨੇ ਲੱਗਭਗ ਡਰਾਅ ਰਹੇ ਮੁਕਾਬਲੇ ਵਿਚ ਨਿਹਾਲ  ਨੂੰ ਹਰਾਉਂਦਿਆਂ 2-1 ਦੀ ਬੜ੍ਹਤ ਹਾਸਲ ਕਰ ਲਈ ਪਰ ਨਿਹਾਲ ਨੇ ਆਖਰੀ ਬਲਿਟਜ਼ ਮੁਕਾਬਲੇ ਵਿਚ ਸਫੈਦ ਮੋਹਰਿਆਂ ਨਾਲ ਕਾਰਪੋਵ ਦੇ ਰਾਜੇ 'ਤੇ ਜ਼ੋਰਦਾਰ ਹਮਲਾ ਕਰਦਿਆਂ ਜਿੱਤ ਹਾਸਲ ਕਰਦੇ ਹੋਏ ਸੀਰੀਜ਼ ਨੂੰ 2-2 ਨਾਲ ਬਰਾਬਰ ਕਰ ਦਿੱਤਾ।  ਇਹ ਪਹਿਲਾ ਮੌਕਾ ਸੀ, ਜਦੋਂ ਨਿਹਾਲ ਸਰੀਨ ਨੇ ਸਾਬਕਾ ਵਿਸ਼ਵ ਚੈਂਪੀਅਨ ਅਨਾਤੋਲੀ ਕਾਰਪੋਵ ਦਾ ਮੁਕਾਬਲਾ ਕੀਤਾ, ਇਸ ਲਿਹਾਜ਼ ਨਾਲ ਨਿਹਾਲ ਲਈ ਕਿਸੇ ਵੀ ਵਿਸ਼ਵ ਚੈਂਪੀਅਨ ਵਿਰੁੱਧ ਇਹ ਪਹਿਲੀ ਜਿੱਤ ਸੀ। ਖੁਦ ਕਾਰਪੋਵ ਨੇ ਮੰਨਿਆ ਕਿ ਨਿਹਾਲ ਬੇਹੱਦ ਪ੍ਰਤਿਭਾਸ਼ਾਲੀ ਖਿਡਾਰੀ ਹੈ ਤੇ ਭਾਰਤ ਦਾ ਭਵਿੱਖ ਹੈ।


author

Gurdeep Singh

Content Editor

Related News