ਚੇਨਈ ਸਿਟੀ ਨੇ ਈਸਟ ਬੰਗਾਲ ਨੂੰ ਹਰਾਇਆ
Tuesday, Jan 15, 2019 - 10:25 AM (IST)

ਕੋਇਮਬਟੂਰ— ਚੇਨਈ ਸਿਟੀ ਐੱਫ.ਸੀ. ਨੇ ਦੂਜੇ ਹਾਫ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ ਦੋ ਗੋਲ ਠੋਕ ਕੇ ਈਸਟ ਬੰਗਾਲ ਨੂੰ 12ਵੀਂ ਹੀਰੋ ਆਈ ਲੀਗ ਫੁੱਟਬਾਲ ਚੈਂਪੀਅਨਸ਼ਿਪ 'ਚ ਸੋਮਵਾਰ ਨੂੰ 2-1 ਨਾਲ ਹਰਾ ਦਿੱਤਾ। ਈਸਟ ਬੰਗਾਲ ਨੇ ਮੈਚ ਦੇ ਨੌਵੇਂ ਮਿੰਟ 'ਚ ਲਾਲਦਨਮਾਵੀਆ ਰਾਲਟੇ ਦੇ ਗੋਲ ਨਾਲ ਬੜ੍ਹਤ ਬਣਾ ਲਈ ਅਤੇ ਇਸ ਬੜ੍ਹਤ ਨੂੰ ਪਹਿਲੇ ਹਾਫ 'ਚ ਕਾਇਮ ਰਖਿਆ।
ਪੇਡਰੋ ਮਾਂਜੀ ਨੇ ਦੂਜਾ ਹਾਫ ਸ਼ੁਰੂ ਹੁੰਦੇ ਹੀ 48ਵੇਂ ਮਿੰਟ 'ਚ ਚੇਨਈ ਨੂੰ ਬਰਾਬਰੀ ਦਿਵਾ ਦਿੱਤੀ ਜਦਕਿ ਰੋਮਾਰੀਓ ਨੇ 70ਵੇਂ ਮਿੰਟ 'ਚ ਚੇਨਈ ਲਈ ਮੈਚ ਜੇਤੂ ਗੋਲ ਦਾਗਿਆ। ਸਪੇਨ ਦੇ ਮਾਂਜੀ ਦਾ ਟੂਰਨਾਮੈਂਟ 'ਚ ਇਹ 11ਵਾਂ ਗੋਲ ਸੀ। ਚੇਨਈ ਦੇ ਇਸ ਜਿੱਤ ਨਾਲ 12 ਮੈਚਾਂ 'ਚ 27 ਅੰਕ ਹੋ ਗਏ ਹਨ ਅਤੇ ਉਸ ਨੇ ਚੋਟੀ ਦੇ ਸਥਾਨ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਉਹ ਦੂਜੇ ਸਥਾਨ 'ਤੇ ਕਾਬਜ ਚਰਚਿਲ ਬ੍ਰਦਰਸ ਤੋਂ ਪੰਜ ਅੰਕ ਅੱਗੇ ਹੈ। ਈਸਟ ਬੰਗਾਲ ਦੇ ਖਾਤੇ 'ਚ 19 ਅੰਕ ਹਨ।