ਚੇਲਸੀ ਅਤੇ ਫਲਿਊਮੀਨੈਂਸ ਕਲੱਬ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ
Sunday, Jul 06, 2025 - 01:51 PM (IST)

ਫਿਲਾਡੇਲਫੀਆ- ਚੇਲਸੀ ਨੇ ਮਾਲੋ ਗੁਸਟੋ ਦੇ 83ਵੇਂ ਮਿੰਟ ’ਚ ਲਾਏ ਸ਼ਾਟ ’ਤੇ ਆਤਮਘਾਤੀ ਗੋਲ ਹੋਣ ਨਾਲ ਪਾਲਮੇਰਾਸ ਨੂੰ 2-1 ਨਾਲ ਹਰਾ ਕੇ ਕਲੱਬ ਵਿਸ਼ਵ ਕੱਪ ਫੁੱਟਬਾਲ ਮੁਕਾਬਲੇ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ। ਕੋਲ ਪਾਮਰ ਨੇ ਸ਼ੁੱਕਰਵਾਰ ਦੀ ਰਾਤ ਨੂੰ ਖੇਡੇ ਮੈਚ ’ਚ 16ਵੇਂ ਮਿੰਟ ’ਚ ਗੋਲ ਕਰ ਕੇ ਚੇਲਸੀ ਨੂੰ ਬੜ੍ਹਤ ਦਿਵਾ ਦਿੱਤੀ ਪਰ 18 ਸਾਲ ਦੇ ਐਸਟੇਵਾਉ ਨੇ 53ਵੇਂ ਮਿੰਟ ’ਚ ਸਕੋਰ ਬਰਾਬਰ ਕਰ ਦਿੱਤਾ।
ਸ਼ਾਰਟ ਕਾਰਨਰ ਕਿੱਕ ਤੋਂ ਬਾਅਦ ਗੁਸਟੋ ਦਾ ਸ਼ਾਟ ਡਿਫੈਂਡਰ ਅਗਸਟਿਨ ਗਿਆ ਅਤੇ ਗੋਲਕੀਪਰ ਵੇਵਰਟਨ ਨਾਲ ਟਕਰਾਅ ਕੇ ਗੋਲ ’ਚ ਚਲਾ ਗਿਆ, ਜੋ ਅਖੀਰ ’ਚ ਫੈਸਲਾਕੁੰਨ ਸਾਬਤ ਹੋਇਆ। ਫੀਫਾ ਨੇ ਇਸ ਨੂੰ ਵੇਵਰਟਨ ਦਾ ਆਤਮਘਾਤੀ ਗੋਲ ਕਰਾਰ ਦਿੱਤਾ। ਚੇਲਸੀ ਸੈਮੀਫਾਈਨਲ ’ਚ ਮੰਗਲਵਾਰ ਨੂੰ ਈਸਟ ਰਦਰਫੋਰਡ, ਨਿਊ ਜਰਸੀ ’ਚ ਫਲਿਊਮੀਨੈਂਸ ਦਾ ਸਾਹਮਣਾ ਕਰੇਗਾ। ਬਦਲਵੇਂ ਖਿਡਾਰੀ ਹਰਕਿਊਲਿਸ ਨੇ 70ਵੇਂ ਮਿੰਟ ’ਚ ਗੋਲ ਕਰ ਕੇ ਸ਼ੁੱਕਰਵਾਰ ਦੇ ਪਹਿਲੇ ਕੁਆਰਟਰ ਫਾਈਨਲ ’ਚ ਫਲਿਊਮੀਨੈਂਸ ਨੂੰ ਅਲ ਹਿਲਾਲ ’ਤੇ 2-1 ਨਾਲ ਜਿੱਤ ਦਿਵਾਈ।