CT 2025 : ਵਰੁਣ ਦੇ ''ਪੰਜੇ'' ''ਚ ਫਸੇ ਕੀਵੀ ਬੱਲੇਬਾਜ਼, ਭਾਰਤ ਨੇ 44 ਦੌੜਾਂ ਨਾਲ ਨਿਊਜ਼ੀਲੈਂਂਡ ਨੂੰ ਕੀਤਾ ਚਿੱਤ
Sunday, Mar 02, 2025 - 09:49 PM (IST)

ਸਪੋਰਟਸ ਡੈਸਕ- ਦੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਚੈਂਪੀਅਨਜ਼ ਟਰਾਫ਼ੀ ਦੇ ਆਖ਼ਰੀ ਗਰੁੱਪ ਮੁਕਾਬਲੇ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾ ਕੇ ਗਰੁੱਪ ਸਟੇਜ ਟੇਬਲ ਟਾਪਰ ਵਜੋਂ ਖ਼ਤਮ ਕੀਤੀ ਹੈ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਭਾਰਤੀ ਟੀਮ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਸ਼੍ਰੇਅਸ ਅਈਅਰ (79) ਦੇ ਸ਼ਾਨਦਾਰ ਅਰਧ ਸੈਂਕੜੇ ਤੋਂ ਬਾਅਦ ਅਕਸਰ ਪਟੇਲ (42) ਤੇ ਹਾਰਦਿਕ ਪੰਡਯਾ (45) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 50 ਓਵਰਾਂ 'ਚ 9 ਵਿਕਟਾਂ ਗੁਆ ਕੇ 249 ਦੌੜਾਂ ਬਣਾਈਆਂ ਸਨ।
250 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਦੀ ਸ਼ੁਰੂਆਤ ਉਮੀਦ ਅਨੁਸਾਰ ਨਹੀਂ ਰਹੀ ਤੇ ਓਪਨਿੰਗ ਕਰਨ ਆਏ ਰਚਿਨ ਰਵਿੰਦਰਾ ਸਿਰਫ਼ 6 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਵਿਲ ਯੰਗ ਵੀ 22 ਦੌੜਾਂ ਹੀ ਬਣਾ ਸਕੇ ਤੇ ਵਰੁਣ ਚਕਰਵਰਤੀ ਦਾ ਪਹਿਲਾ ਸ਼ਿਕਾਰ ਬਣੇ।
ਡੈਰਿਲ ਮਿਚੇਲ (17) ਨੂੰ ਕੁਲਦੀਪ ਯਾਦਵ ਨੇ ਆਊਟ ਕਰ ਕੇ ਕੀਵੀ ਟੀਮ ਨੂੰ ਵੱਡਾ ਝਟਕਾ ਦਿੱਤਾ। ਗਲੇਨ ਫਿਲਿਪਸ (12) ਤੇ ਮਾਈਕਲ ਬ੍ਰੇਸਵੈੱਲ ਵਰੁਣ ਚਕਰਵਰਤੀ ਦੇ ਅਗਲੇ ਸ਼ਿਕਾਰ ਬਣੇ, ਜਦਕਿ ਟਾਮ ਲੈਥਮ (14) ਰਵਿੰਦਰ ਜਡੇਜਾ ਦੀ ਗੇਂਦ 'ਤੇ ਆਊਟ ਹੋਏ।
ਹਾਲਾਂਕਿ ਇਸ ਦੌਰਾਨ ਜਿੱਥੇ ਇਕ ਪਾਸੇ ਤੋਂ ਲਗਾਤਾਰ ਵਿਕਟਾਂ ਡਿੱਗ ਰਹੀਆਂ ਸਨ, ਉੱਥੇ ਹੀ ਦੂਜੇ ਪਾਸੇ ਤਜਰਬੇਕਾਰ ਬੱਲੇਬਾਜ਼ ਕੇਨ ਵਿਲੀਅਮਸਨ ਨੇ ਵਿਕਟ ਬਚਾਉਂਦੇ ਹੋਏ ਸ਼ਾਨਦਾਰ ਪਾਰੀ ਖੇਡੀ ਤੇ 120 ਗੇਂਦਾਂ 'ਚ 7 ਚੌਕਿਆਂ ਦੀ ਮਦਦ ਨਾਲ 81 ਦੌੜਾਂ ਦੀ ਸੰਜਮ ਭਰੀ ਪਾਰੀ ਖੇਡੀ। ਉਹ ਅਕਸਰ ਪਟੇਲ ਦੀ ਗੇਂਦ 'ਤੇ ਕੇ.ਐੱਲ. ਰਾਹੁਲ ਹੱਥੋਂ ਸਟੰਪ ਆਊਟ ਹੋ ਗਏ।
ਅੰਤ 'ਚ ਮਿਚੇਲ ਸੈਂਟਨਰ ਨੇ ਕੁਝ ਸ਼ਾਨਦਾਰ ਸਾਟਸ ਖੇਡੇ, ਪਰ ਉਹ ਟੀਮ ਨੂੰ ਜਿੱਤ ਨਾ ਦਿਵਾ ਸਕਿਆ ਤੇ ਪੂਰੀ ਨਿਊਜ਼ੀਲੈਂਡ ਦੀ ਟੀਮ 205 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਤੇ ਭਾਰਤੀ ਟੀਮ 44 ਦੌੜਾਂ ਨਾਲ ਮੁਕਾਬਲਾ ਜਿੱਤ ਗਈ।