ਫਿਰ ਤੋਂ ਸ਼ੁਰੂ ਹੋ ਸਕਦੀ ਹੈ ਚੈਂਪੀਅਨਸ ਲੀਗ, ਭਾਰਤ, ਆਸਟ੍ਰੇਲੀਆ ਤੇ ਇੰਗਲੈਂਡ ਦੇ ਬੋਰਡਾਂ ਵਿਚਾਲੇ ਗੱਲਬਾਤ ਜਾਰੀ
Tuesday, Apr 02, 2024 - 07:47 PM (IST)
ਮੁੰਬਈ— ਭਾਰਤ, ਆਸਟ੍ਰੇਲੀਆ ਅਤੇ ਇੰਗਲੈਂਡ ਦੇ ਕ੍ਰਿਕਟ ਬੋਰਡ 10 ਸਾਲ ਪਹਿਲਾਂ ਬੰਦ ਹੋ ਚੁੱਕੀ ਚੈਂਪੀਅਨਜ਼ ਲੀਗ ਕਲੱਬ ਟੀ-20 ਚੈਂਪੀਅਨਸ਼ਿਪ ਨੂੰ ਮੁੜ ਸ਼ੁਰੂ ਕਰਨ ਲਈ ਗੱਲਬਾਤ ਕਰ ਰਹੇ ਹਨ। ਪਿਛਲੀ ਵਾਰ ਚੈਂਪੀਅਨਜ਼ ਟੀ-20 ਲੀਗ 2014 ਵਿੱਚ ਹੋਈ ਸੀ ਜਦੋਂ ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ। ਉਸ ਸਮੇਂ ਭਾਰਤ ਦੀਆਂ 3 ਟੀਮਾਂ, ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦੀਆਂ 2-2 ਅਤੇ ਪਾਕਿਸਤਾਨ, ਵੈਸਟਇੰਡੀਜ਼ ਅਤੇ ਨਿਊਜ਼ੀਲੈਂਡ ਦੀਆਂ 1-1 ਟੀਮਾਂ ਨੇ ਹਿੱਸਾ ਲਿਆ ਸੀ।
ਚੈਂਪੀਅਨਜ਼ ਲੀਗ 2009-10 ਅਤੇ 2014-15 ਵਿਚਕਾਰ ਛੇ ਸੀਜ਼ਨਾਂ ਵਿੱਚ ਖੇਡੀ ਗਈ ਸੀ, ਜਿਨ੍ਹਾਂ ਵਿੱਚੋਂ ਚਾਰ ਭਾਰਤ ਵਿੱਚ ਅਤੇ ਦੋ ਦੱਖਣੀ ਅਫ਼ਰੀਕਾ ਵਿੱਚ ਹੋਈਆਂ। ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਨੇ ਦੋ-ਦੋ ਵਾਰ ਖਿਤਾਬ ਜਿੱਤਿਆ ਜਦਕਿ ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ ਅਤੇ ਸਿਡਨੀ ਸਿਕਸਰਸ ਨੇ ਇਕ-ਇਕ ਵਾਰ ਖਿਤਾਬ ਜਿੱਤਿਆ।
ਕ੍ਰਿਕੇਟ ਵਿਕਟੋਰੀਆ ਦੇ ਸੀਈਓ ਨਿਕ ਕਮਿੰਸ ਨੇ ਕਿਹਾ ਕਿ ਬਹੁਤ ਹੀ ਵਿਅਸਤ ਕ੍ਰਿਕੇਟ ਕੈਲੰਡਰ ਵਿੱਚ ਇਸਦੇ ਲਈ ਇੱਕ ਵਿੰਡੋ ਬਣਾਉਣਾ ਸਭ ਤੋਂ ਵੱਡੀ ਚੁਣੌਤੀ ਹੈ। ਭਾਰਤ ਵਿੱਚ ਮੈਲਬੌਰਨ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ ਕਰਨ ਲਈ ਖੇਲੋਮੋਰ ਨਾਲ ਸਾਂਝੇਦਾਰੀ ਦੇ ਮੌਕੇ 'ਤੇ ਬੋਲਦਿਆਂ, ਉਨ੍ਹਾਂ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਚੈਂਪੀਅਨਜ਼ ਲੀਗ ਇੱਕ ਸਮੇਂ ਤੋਂ ਪਹਿਲਾਂ ਦੀ ਪਹਿਲ ਸੀ। ਉਸ ਸਮੇਂ ਟੀ-20 ਕ੍ਰਿਕਟ ਇੰਨੀ ਪਰਿਪੱਕ ਨਹੀਂ ਸੀ। ਪਰ ਹੁਣ ਇਹ ਹੈ।
ਉਨ੍ਹਾਂ ਨੇ ਕਿਹਾ, 'ਕ੍ਰਿਕਟ ਆਸਟ੍ਰੇਲੀਆ, ਈਸੀਬੀ ਅਤੇ ਬੀਸੀਸੀਆਈ ਇਸ ਨੂੰ ਦੁਬਾਰਾ ਸ਼ੁਰੂ ਕਰਨ ਦੀ ਗੱਲ ਕਰ ਰਹੇ ਹਨ। ਵਿਅਸਤ ਆਈਸੀਸੀ ਕੈਲੰਡਰ ਵਿੱਚ ਇਸਦੇ ਲਈ ਇੱਕ ਵਿੰਡੋ ਲੱਭਣਾ ਮੁਸ਼ਕਲ ਹੈ। ਸੰਭਵ ਹੈ ਕਿ ਪਹਿਲੀ ਚੈਂਪੀਅਨਜ਼ ਲੀਗ ਮਹਿਲਾ ਕ੍ਰਿਕਟ ਵਿੱਚ ਹੋਵੇਗੀ ਜਿਸ ਵਿੱਚ ਡਬਲਯੂ.ਪੀ.ਐੱਲ., ਦਿ ਹੰਡਰਡ ਅਤੇ ਮਹਿਲਾ ਬਿਗ ਬੈਸ਼ ਲੀਗ ਦੀਆਂ ਟੀਮਾਂ ਖੇਡਣਗੀਆਂ।