ਚੈਂਪੀਅਨ ਨਡਾਲ ਦੂਜੇ ਦੌਰ ''ਚ, ਮੇਦਵੇਦੇਵ ਬਾਹਰ

Tuesday, Sep 29, 2020 - 07:34 PM (IST)

ਚੈਂਪੀਅਨ ਨਡਾਲ ਦੂਜੇ ਦੌਰ ''ਚ, ਮੇਦਵੇਦੇਵ ਬਾਹਰ

ਪੈਰਿਸ– ਸਾਬਕਾ ਜੇਤੂ ਸਪੇਨ ਦੇ ਰਾਫੇਲ ਨਡਾਲ ਨੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਬੇਲਾਰੂਸ ਦੇ ਇਗੋਰ ਗੇਰਾਸਿਮੋਵ ਨੂੰ ਸੋਮਵਾਰ ਨੂੰ ਪਹਿਲੇ ਰਾਊਂਡ ਵਿਚ ਹਰਾ ਕੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ ਜਦਕਿ ਚੌਥੀ ਸੀਡ ਰੂਸ ਦੇ ਡੇਨੀਅਲ ਮੇਦਵੇਦੇਵ ਨੂੰ ਇਕ ਵੱਡੇ ਉਲਟਫੇਰ ਵਿਚ ਹੰਗਰੀ ਦੇ ਮਾਟਰਨ ਫੁਕਸੋਵਿਕਸ ਹੱਥੋਂ ਹਾਰ ਕੇ ਟੂਰਨਾਮੈਂਟ ਵਿਚੋਂ ਬਾਹਰ ਹੋਣਾ ਪਿਆ।
ਨਡਾਲ ਨੇ ਗੇਰਾਸਿਮੋਵਾ ਨੂੰ ਲਗਾਤਾਰ ਸੈੱਟਾਂ ਵਿਚ 6-4, 6-4, 6-2 ਨਾਲ ਹਰਾਇਆ ਤੇ ਰਿਕਾਰਡ 13ਵੇਂ ਰੋਲਾਂ ਗੈਰਾਂ ਦਾ ਖਿਤਾਬ ਜਿੱਤਣ ਲਈ ਆਪਣੀ ਮੁਹਿੰਮ ਦੀ ਦਮਦਾਰ ਸ਼ੁਰੂਆਤ ਕੀਤੀ। ਸਪੇਨ ਦੇ ਖਿਡਾਰੀ ਦੀ ਕਲੇਅ ਕੋਰਟ ਗ੍ਰੈਂਡ ਸਲੈਮ ਵਿਚ ਇਹ 94ਵੀਂ ਜਿੱਤ ਹੈ ਤੇ ਜੇਕਰ ਉਹ ਟੂਰਨਾਮੈਂਟ ਦਾ ਖਿਤਾਬ ਜਿੱਤਣ ਵਿਚ ਕਾਮਯਾਬ ਰਹਿੰਦਾ ਹੈ ਤਾਂ ਇਹ ਉਸਦਾ 20ਵਾਂ ਗ੍ਰੈਂਡ ਸਲੈਮ ਖਿਤਾਬ ਹੋਵੇਗਾ ਤੇ ਉਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਦੇ ਸਭ ਤੋਂ ਵੱਧ ਗ੍ਰੈਂਡ ਸਲੈਮ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ। ਨਡਾਲ ਦਾ ਦੂਜੇ ਦੌਰ ਵਿਚ 236ਵੀਂ ਰੈਂਕਿੰਗ ਦੇ ਖਿਡਾਰੀ ਅਮਰੀਕਾ ਦੇ ਮੈਕੇਂਜੀ ਮੈਕਡੋਨਾਲਡ ਨਾਲ ਮੁਕਾਬਲਾ ਹੋਵੇਗਾ।
ਵਿਸ਼ਵ ਦਾ ਨੰਬਰ ਦੋ ਖਿਡਾਰੀ ਨਡਾਲ ਕੋਰੋਨਾ ਮਹਾਮਾਰੀ ਦੇ ਕਾਰਣ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਵਿਚ ਨਹੀਂ ਖੇਡਿਆ ਸੀ ਜਦਕਿ ਫ੍ਰੈਂਚ ਓਪਨ ਤੋਂ ਪਹਿਲਾਂ ਉਸ ਨੂੰ ਇਟਾਲੀਅਨ ਓਪਨ ਦੇ ਕੁਆਰਟਰ ਫਾਈਨਲ ਵਿਚ ਅਰਜਨਟੀਨਾ ਦੇ ਡਿਆਗੋ ਸ਼ਾਰਟਜ਼ਮੈਨ ਹੱਥੋਂ ਸਨਸਨੀਖੇਜ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿੱਥੇ ਉਹ 9 ਵਾਰ ਦਾ ਚੈਂਪੀਅਨ ਰਿਹਾ ਸੀ। ਸ਼ਾਰਟਜ਼ਮੈਨ ਵੀ ਆਸਾਨ ਜਿੱਤ ਦੇ ਨਾਲ ਦੂਜੇ ਦੌਰ ਵਿਚ ਪਹੁੰਚ ਗਿਆ ਹੈ।


author

Gurdeep Singh

Content Editor

Related News