ਸਾਕਸ਼ੀ ਦੀ ਚੁਣੌਤੀ ਟੁੱਟੀ, ਰਿਤੂ ਤੇ ਪੂਜਾ ਕਾਂਸੀ ਦੌੜ ''ਚ
Thursday, Oct 25, 2018 - 09:38 PM (IST)

ਬੁਡਾਪੇਸਟ— ਓਲੰਪਿਕ ਚਾਂਦੀ ਤਮਗਾ ਜੇਤੂ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਦੀ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 62 ਕਿ. ਗ੍ਰਾ. ਮੁਕਾਬਲੇ ਵਿਚ ਵੀਰਵਾਰ ਨੂੰ ਰੇਪਚੇਜ ਵਿਚ ਚੁਣੌਤੀ ਟੁੱਟ ਗਈ ਜਦਕਿ ਰਿਤੂ ਫੋਗਟ (50) ਤੇ ਪੂਜਾ ਢਾਂਡਾ (57) ਨੇ ਕਾਂਸੀ ਤਮਗਾ ਮੁਕਾਬਲੇ ਵਿਚ ਜਗ੍ਹਾ ਬਣਾ ਲਈ। ਇਸ ਵਿਚਾਲੇ ਗ੍ਰੀਕੋ ਰੋਮਨ ਮੁਕਾਬਲਿਆਂ ਵਿਚ ਉਤਰੇ ਚਾਰੇ ਭਾਰਤੀ ਪਹਿਲਵਾਨਾਂ ਨੂੰ ਹਾਰ ਕੇ ਬਾਹਰ ਹੋਣਾ ਪਿਆ। ਭਾਰਤ ਨੂੰ ਚੈਂਪੀਅਨਸ਼ਿਪ ਵਿਚ ਹੁਣ ਤਕ ਬਜਰੰਗ ਪੂਨੀਆ ਨੇ ਪੁਰਸ਼ ਫ੍ਰੀ ਸਟਾਈਲ ਦੇ 65 ਕਿ. ਗ੍ਰਾ. ਭਾਰ ਵਰਗ ਵਿਚ ਚਾਂਦੀ ਤਮਗਾ ਦਿਵਾਇਆ ਹੈ, ਜਿਹੜਾ ਇਸ ਚੈਂਪੀਅਨਸ਼ਿਪ ਦੇ ਇਤਿਹਾਸ ਵਿਚ ਭਾਰਤ ਦਾ ਅੱਠਵਾਂ ਸੋਨ ਤਮਗਾ ਹੈ।
ਸਾਕਸ਼ੀ, ਰਿਤੂ ਤੇ ਪੂਜਾ ਦੇ ਰੇਪਚੇਜ ਵਿਚ ਪਹੁੰਚ ਜਾਣ ਨਾਲ ਭਾਰਤ ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਪਹਿਲੇ ਮਹਿਲਾ ਤਮਗੇ ਦੀ ਉਮੀਦ ਬਣੀ ਹੋਈ ਸੀ ਪਰ ਇਨ੍ਹਾਂ ਤਿੰਨੇ ਪਹਿਲਵਾਨਾਂ ਵਿਚੋਂ ਸਾਕਸ਼ੀ ਬਾਹਰ ਹੋ ਗਈ ਜਦਕਿ ਰਿਤੂ ਤੇ ਪੂਜਾ ਮੁਕਾਬਲੇ ਵਿਚ ਬਣੀਆਂ ਹੋਈਆਂ ਹਨ। ਭਾਰਤ ਦੀ ਇਕ ਹੋਰ ਪਹਿਲਵਾਨ ਰਿਤੂ ਮਲਿਕ ਕੱਲ ਕਾਂਸੀ ਤਮਗਾ ਮੁਕਾਬਲੇ ਵਿਚ ਜਾਪਾਨ ਦੀ ਅਯਾਨਾ ਗੇਮਪੇਈ ਹੱਥੋਂ 3-7 ਨਾਲ ਹਾਰ ਗਈ ਸੀ।