ਗੁਲਜ਼ਾਰ ਇੰਦਰ ਚਾਹਲ ਅਜੇ ਵੀ ਪੀ. ਸੀ. ਏ. ਦੇ ਮੁਖੀ!

Monday, Oct 31, 2022 - 07:34 PM (IST)

ਗੁਲਜ਼ਾਰ ਇੰਦਰ ਚਾਹਲ ਅਜੇ ਵੀ ਪੀ. ਸੀ. ਏ. ਦੇ ਮੁਖੀ!

ਜਲੰਧਰ, (ਭਾਸ਼ਾ)– ਭਾਰਤ ਵਿਚ ਕ੍ਰਿਕਟ ਇਕ ਅਜਿਹੀ ਖੇਡ ਬਣ ਚੁੱਕੀ ਹੈ, ਜਿਸ ’ਤੇ ਹਰ ਕੋਈ ਜਾਇਜ਼ ਤੇ ਨਾਜਾਇਜ਼ ਤਰੀਕੇ ਨਾਲ ਕਬਜ਼ਾ ਕਰਨਾ ਚਾਹੁੰਦਾ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਨੂੰ ਵੀ ਇਸੇ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਹਰ ਗੁੱਥੀ ਸੁਲਝਣ ਦੀ ਬਜਾਏ ਹੋਰ ਉਲਝਦੀ ਜਾ ਰਹੀ ਹੈ। ਪੰਜਾਬ ਵਿਚ ਸਰਕਾਰ ਬਦਲਣ ਤੋਂ ਬਾਅਦ ਜਿਸ ਤਰ੍ਹਾਂ ਆਨਨ-ਫਾਨਨ ਵਿਚ ਪੀ. ਸੀ.ਏ. ਦਾ ਨਿਜ਼ਾਮ ਵੀ ਬਦਲਿਆ ਗਿਆ, ਉਸ ਤੋਂ ਐਸੋਸੀਏਸ਼ਨ ਦਾ ਕੰਮਕਾਜ਼ ਸਹੀ ਢੰਗ ਨਾਲ ਚੱਲਣ ਦੀ ਬਜਾਏ ਧੜੇਬੰਦੀ ਵਿਚ ਬਦਲ ਗਿਆ ਹੈ। 

ਕਈ ਲੋਕ ਇਸ ਵਿਚ ਇਕ-ਦੂਜੇ ਦਾ ਸਹਿਯੋਗ ਕਰਨ ਦੀ ਬਜਾਏ ਇਕ-ਦੂਜੇ ਦੀਆਂ ਲੱਤਾਂ ਖਿੱਚਦੇ ਹੋਏ ਦਿਖਾਈ ਦੇ ਰਹੇ ਹਨ ਤੇ ਆਪਸ ਵਿਚ ਹੀ ਉਲਝਦੇ ਦਿਖਾਈ ਦੇ ਰਹੇ ਹਨ।  ਪੀ. ਸੀ. ਏ. ਦੇ ਅੰਦਰ  ਉੱਠੇ  ਘਮਾਸਾਨ ਦਾ ਕਾਰਨ ਹੀ ਪੀ. ਸੀ. ਏ. ਦੇ ਮੁਖੀ ਗੁਲਜ਼ਾਰ ਇੰਦਰ ਚਾਹਲ ਨੂੰ ਅਸਤੀਫਾ ਦੇਣਾ ਪਿਆ ਸੀ। ਗੁਲਜ਼ਾਰ ਇੰਦਰ ਚਾਹਲ ਵਲੋਂ ਟਵਿਟਰ ’ਤੇ ਦਿੱਤਾ ਅਸਤੀਫਾ ਪੀ. ਸੀ. ਏ. ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਨੂੰ ਜਨਮ ਦੇ ਗਿਆ। ਇਸ ਤੋਂ ਕਈ ਤਰ੍ਹਾਂ ਦੇ ਸਵਾਲ ਵੀ ਪੈਦਾ ਹੋ ਗਏ ਹਨ। ਕੋਈ ਕਹਿੰਦਾ ਹੈ ਕਿ ਅਜੇ ਤਕ ਤਾਂ ਉਸਦਾ (ਗੁਲਜ਼ਾਰ ਇੰਦਰ ਚਾਹਲ ਦਾ) ਅਸਤੀਫਾ ਮਨਜ਼ੂਰ ਹੀ ਨਹੀਂ ਹੋਇਆ, ਕੋਈ ਕਹਿੰਦਾ ਹੈ ਕਿ ਉਸ ਨੇ ਅਸਤੀਫਾ ਲਿਖਤੀ ਤੌਰ ’ਤੇ ਨਹੀਂ ਦਿੱਤਾ। ਹਾਲਾਂਕਿ ਟਵਿਟਰ ’ਤੇ ਦਿੱਤਾ ਅਸਤੀਫਾ ਤਕਨੀਕੀ ਤੌਰ ’ਤੇ ਸੂਚਨਾ ਹੁੰਦੀ ਹੈ ਨਾ ਕਿ ਅਸਲ ਵਿਚ ਕੋਈ ਅਸਤੀਫਾ। 

ਇਹ ਵੀ ਪੜ੍ਹੋ : ਕੋਹਲੀ ਦੇ ਹੋਟਲ ਦੇ ਕਮਰੇ ਦੀ ਵੀਡੀਓ ਵਾਇਰਲ ਕਰਨ ਵਾਲੇ ਸਟਾਫ਼ ਖ਼ਿਲਾਫ਼ ਹੋਟਲ ਦੀ ਸਖ਼ਤ ਕਾਰਵਾਈ

ਤਕਨੀਕੀ ਤੌਰ ’ਤੇ ਅਜੇ ਵੀ ਚਾਹਲ ਪੀ. ਸੀ. ਏ. ਦੇ ਮੁਖੀ ਹੀ ਹਨ।  ਉੱਥੇ ਹੀ ਬਹੁਤ ਸਾਰੇ ਪੀ. ਸੀ.ਏ.ਦੇ ਲਾਈਫ ਟਾਈਮ ਮੈਂਬਰਾਂ ਨੇ ਗੁਲਜ਼ਾਰ ਨੂੰ ਆਪਣਾ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਗੁਲਜ਼ਾਰ ਨੇ ਅਜੇ ਤਕ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ। ਉੱਥੇ ਹੀ ਉਲਝੇ ਹੋਏ ਹਾਲਾਤ ਵਿਚ ਮੁਖੀ ਬਣਨ ਦੇ ਲਾਲਚ ਵਿਚ ਕਈ ਲੋਕਾਂ ਦੀ ‘ਲਾਰ ਟੱਪਕਣ’ ਲੱਗੀ ਹੈ। ਉਨ੍ਹਾਂ ਦੇ ਮਨਸੂਬ ‘ਅੰਗੜਾਈਆਂ’ ਵੀ ਲੈਣ ਲੱਗੇ ਹਨ ਤੇ ਇਸ ਸਿਲਸਿਲੇ ਵਿਚ ਸਾਬਕਾ ਮੁਖੀ ਰਜਿੰਦਰ ਗੁਪਤਾ ਆਪਣੇ ਪੱਖ ਵਿਚ ਮਾਹੌਲ ਬਣਾਉਣ ਲਈ ਕਈ ਤਰ੍ਹਾਂ ਦੀਆਂ ਯੋਜਨਵਾਂ ਬਣਾਉਂਦੇ ਹੋਏ ਹੱਥ-ਪੈਰ ਮਾਰ ਰਹੇ ਹਨ।

ਏ. ਜੀ. ਐੱਮ.ਦੀ ਵਿਸ਼ੇਸ਼ ਮੀਟਿੰਗ ਬੁਲਾਉਣ ਲਈ ਕਈ ਆਪਣੇ ਮੋਹਰਿਆਂ ਨੂੰ ਸਹੀ ਤੇ ਗਲਤ ਤਰੀਕਿਆਂ ਨਾਲ ਪੇਸ਼ ਕਰ ਰਹੇ ਹਨ। ਇਸ ਸਿਲਸਿਲੇ ਵਿਚ ਜ਼ਿਲਾ ਐਸੋਸੀਏਸ਼ਨ ਦੇ ਜਾਅਲੀ ਦਸਤਖਤ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਸੰਗਰੂਰ ਦੇ ਜ਼ਿਲਾ ਉੁਪ ਮੁਖੀ ਤੇ ਸਕੱਤਰ ਨੇ ਪੀ. ਸੀ. ਏ. ਦੇ ਸਕੱਤਰ ਨੂੰ ਇਕ ਸ਼ਿਕਾਇਤ ਪੱਤਰ ਭੇਜ ਕੇ ਇਹ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਦੇ ਜਾਅਲੀ ਦਸਤਖਤ ਕਰਕੇ ਵਿਸ਼ੇਸ਼ ਜਨਰਲ ਬਾਡੀ ਦੀ ਮੰਗ ਕੀਤੀ ਹੈ।  ਫਿਲਹਾਲ ਸਥਿਤੀ ਇਹ ਹੈ ਕਿ ਅਜੇ ਵੀ ਪੀ. ਸੀ. ਏ. ਦੇ ਅਹੁਦੇ ’ਤੇ ਗੁਲਜ਼ਾਰ ਇੰਦਰ ਚਾਹਲ ਹੀ ਤਾਇਨਾਤ ਹਨ ਤੇ ਇਸ ਅਹੁਦੇ ’ਤੇ ਕਬਜ਼ਾ ਕਰਨ ਵਾਲੇ ਸਾਰੇ ਹਥਕੰਡੇ ਅਪਣਾ ਕੇ ਆਪਣੇ ਮਨਸੂਬਿਆਂ ਨੂੰ ਪੂਰਾ ਕਰਨ ਦੀ ਇੱਛਾ ਰੱਖਦੇ ਹਨ। ਹੁਣ ਪੀ. ਸੀ.ਏ. ਦਾ ਊਠ ਕਿਸ ਪਾਸੇ ਬੈਠਦਾ ਹੈ, ਇਹ ਕੁਝ ਸਮਾਂ ਦੀ ਗੱਲ ਹੀ ਰਹਿ ਗਈ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News