ਗ੍ਰੇਂਕੇ ਕਲਾਸਿਕ ਸ਼ਤਰੰਜ ''ਚ ਕਾਰਲਸਨ ਬਣਿਆ ਜੇਤੂ

04/30/2019 9:16:22 PM

ਕਾਰਲਜੁਏ (ਜਰਮਨੀ) (ਨਿਕਲੇਸ਼ ਜੈਨ)— ਗ੍ਰੇਂਕੇ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ-2019 ਦਾ ਖਿਤਾਬ ਜ਼ਬਰਦਸਤ ਲੈਅ ਵਿਚ ਚੱਲ ਰਹੇ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਇਕ ਨਵਾਂ ਇਤਿਹਾਸ ਬਣਾਉਂਦੇ ਹੋਏ ਆਪਣੇ ਨਾਂ ਕਰ ਲਿਆ। ਉਸ ਨੇ ਚੈਂਪੀਅਨਸ਼ਿਪ ਵਿਚ ਅਜੇਤੂ ਰਹਿੰਦਿਆਂ ਰਿਕਾਰਡ 2984 ਰੇਟਿੰਗ ਪੱਧਰ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਰੇਟਿੰਗ 2875 ਅੰਕਾਂ 'ਤੇ ਪਹੁੰਚਾ ਦਿੱਤੀ ਹੈ, ਜਿਹੜੀ ਆਪਣੇ ਆਪ ਵਿਚ ਇਕ ਨਵਾਂ ਰਿਕਾਰਡ ਹੈ। ਆਖਰੀ ਮੁਕਾਬਲੇ ਵਿਚ ਉਸ ਨੇ ਫਰਾਂਸ ਦੇ ਮੈਕਸਿਮ ਲਾਗ੍ਰੇਵ ਨੂੰ ਹਰਾਉਂਦਿਆਂ 7.5 ਅੰਕ ਬਣਾਏ ਤੇ ਇਸ ਦੌਰਾਨ ਹੋਏ 9 ਮੁਕਾਬਲਿਆਂ ਵਿਚ 6 ਜਿੱਤਾਂ ਤੇ 3 ਡਰਾਅ ਖੇਡੇ। ਕਾਰਲਸਨ ਦੀ ਜਿੱਤ ਕਿੰਨੀ ਵੱਡੀ ਰਹੀ ਹੈ, ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਸੁਪਰ ਗ੍ਰੈਂਡਮਾਸਟਰ ਟੂਰਨਾਮੈਂਟ ਵਿਚ ਜਿੱਥੇ ਖਿਡਾਰੀਆਂ ਵਿਚਾਲੇ ਅੱਧੇ ਅੰਕ ਦਾ ਫਰਕ ਵੀ ਵੱਡਾ ਹੁੰਦਾ ਹੈ, ਉਥੇ ਹੀ   ਅਮਰੀਕਾ ਦਾ ਫੇਬਿਆਨੋ ਕਾਰੂਆਨਾ ਕਾਰਲਸਨ ਤੋਂ 1.5 ਅੰਕਾਂ ਦੇ ਫਰਕ ਨਾਲ ਦੂਜੇ ਸਥਾਨ 'ਤੇ ਰਿਹਾ ਤੇ ਫਰਾਂਸ ਦਾ ਮੈਕਸਿਮ ਲਾਗ੍ਰੇਵ 5 ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ।
5ਵੇਂ ਸਥਾਨ 'ਤੇ ਰਿਹਾ ਆਨੰਦ 
ਚੈਂਪੀਅਨਸ਼ਿਪ ਦੇ 5 ਰਾਊਂਡਜ਼ ਤਕ 3.5 ਅੰਕ ਬਣਾ ਕੇ ਸਾਂਝੀ ਬੜ੍ਹਤ 'ਤੇ ਚੱਲ ਰਹੇ ਭਾਰਤ ਦੇ ਵਿਸ਼ਵਨਾਥਨ ਆਨੰਦ ਲਈ ਆਖਰੀ-4 ਰਾਊਂਡਜ਼ ਦੇ ਨਤੀਜੇ ਸਹੀ ਨਹੀਂ ਰਹੇ ਤੇ ਆਖਰੀ-4 ਰਾਊਂਡ ਵਿਚ ਉਹ ਸਿਰਫ 1 ਅੰਕ ਹੀ ਬਣਾ ਸਕਿਆ। ਵਿਸ਼ਵਨਾਥਨ ਆਨੰਦ 4.5 ਅੰਕ ਬਣਾ ਕੇ 5ਵੇਂ ਸਥਾਨ 'ਤੇ ਰਿਹਾ।


Gurdeep Singh

Content Editor

Related News