ਕੈਂਸਰ ਨੂੰ ਮਾਤ ਦੇ ਕੇ ਟੈਨਿਸ ਕੋਰਟ ’ਤੇ ਪਰਤੀ ਸੁਆਰੇਜ ਨਵਾਰੋ
Wednesday, Jun 02, 2021 - 02:20 PM (IST)
ਪੈਰਿਸ (ਭਾਸ਼ਾ) : ਸਪੇਨ ਦੀ ਕਾਰਲਾ ਸੁਅਰੇਜ ਨਵਾਰੋ ਨੇ ਕੈਂਸਰ ਨੂੰ ਮਾਤ ਦੇ ਕੇ ਲੱਗਭਗ ਡੇਢ ਸਾਲ ਬਾਅਦ ਫਰੈਂਚ ਓਪਨ ਵਿਚ ਫਿਰ ਤੋਂ ਟੈਨਿਸ ਕੋਰਟ ’ਤੇ ਵਾਪਸੀ ਕੀਤੀ। ਉਨ੍ਹਾਂ ਨੇ ਆਪਣੇ ਸਭ ਤੋਂ ਪਸੰਦੀਦਾ ਟੂਰਨਾਮੈਂਟ ਵਿਚ ਵਾਪਸੀ ਕੀਤੀ ਪਰ ਪਹਿਲੇ ਦੌਰ ਵਿਚ ਹਾਰਨ ਨਾਲ ਉਹ ਨਿਰਾਸ਼ ਵੀ ਸੀ। ਉਹ ਵਾਪਸੀ ’ਤੇ ਜਿੱਤ ਹਾਸਲ ਕਰਨ ਲਈ ਬੇਤਾਬ ਸੀ।
ਸੁਆਰੇਜ ਨਵਾਰੋ ਨੇ ਕਿਹਾ, ‘ਹੋ ਸਕਦਾ ਹੈ ਕਿ ਸਮੇਂ ਦੇ ਨਾਲ ਮੇਰਾ ਨਜ਼ਰੀਆ ਬਦਲ ਜਾਏ ਪਰ ਮੈਂ ਬਹੁਤ ਖ਼ੁਸ਼ ਨਹੀਂ ਹਾਂ। ਮੈਂ ਇੱਥੇ ਮੈਚ ਜਿੱਤਣ ਆਈ ਸੀ।’ ਸੁਆਰੇਜ ਨਵਾਰੋ ਨੇ ਕੀਮੋਥੈਰੇਪੀ ’ਚੋਂ ਲੰਘਣ ਦੇ ਬਾਅਦ ਪੇਸ਼ੇਵਰ ਟੈਨਿਸ ਵਿਚ ਵਾਪਸੀ ਕੀਤੀ ਪਰ ਉਹ ਪਹਿਲੇ ਦੌਰ ਵਿਚ 2017 ਦੀ ਯੂ.ਐਸ. ਓਪਨ ਚੈਂਪੀਅਨ ਸਲੋਨੀ ਸਟੀਫਨਸ ਤੋਂ 3-6, 7-6 (4), 6-4 ਨਾਲ ਹਾਰ ਗਈ। ਇਹ ਮੈਚ ਲੱਗਭਗ ਢਾਈ ਘੰਟੇ ਤੱਕ ਚੱਲਿਆ, ਜਿਸ ਦੇ ਖ਼ਤਮ ਹੋਣ ’ਤੇ ਸਟੀਫਨਸ ਨੇ ਸੁਆਰੇਜ ਨਵਾਰੋ ਨੂੰ ਗਲੇ ਲਗਾ ਲਿਆ। ਸਟੀਫਨਸ ਨੇ ਕਿਹਾ, ‘ਉਹ ਬੁਰੇ ਦੌਰ ’ਚੋਂ ਲੰਘੀ ਹੈ ਅਤੇ ਸਾਨੂੰ ਸਾਰਿਆਂ ਨੂੰ ਖ਼ੁਸ਼ੀ ਹੈ ਕਿ ਉਹ ਹੁਣ ਸਿਹਤਮੰਦ ਹੈ ਅਤੇ ਫਿਰ ਤੋਂ ਖੇਡ ਰਹੀ ਹੈ ਜੋ ਕਿ ਮੇਰੀ ਨਜ਼ਰ ਵਿਚ ਅਸਲ ਵਿਚ ਮਹੱਤਵਪੂਰਨ ਹੈ।’