ਕਪਤਾਨ ਹਰਮਨਪ੍ਰੀਤ ਨੇ ਇੰਗਲੈਂਡ ਖ਼ਿਲਾਫ਼ ਮਿਲੀ ਹਾਰ ਦਾ ਦੱਸਿਆ ਕਾਰਨ
Sunday, Sep 11, 2022 - 06:07 PM (IST)
ਚੈਸਟਰ ਲੀ ਸਟ੍ਰੀਟ : ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਇੰਗਲੈਂਡ ਖਿਲਾਫ ਪਹਿਲੇ ਟੀ-20 ਮੈਚ 'ਚ ਹਾਰ ਤੋਂ ਬਾਅਦ ਕਿਹਾ ਕਿ ਪਿੱਚ ਜ਼ਰੂਰਤ ਤੋਂ ਜ਼ਿਆਦਾ ਗਿੱਲੀ ਸੀ ਅਤੇ ਟੀਮ ਨੇ 'ਜ਼ਬਰਦਸਤੀ' ਮੈਚ ਖੇਡਿਆ।
ਹਰਮਨਪ੍ਰੀਤ ਨੇ ਮੈਚ ਤੋਂ ਬਾਅਦ ਕਿਹਾ, 'ਮੈਨੂੰ ਲੱਗਦਾ ਹੈ ਕਿ ਅਸੀਂ ਜ਼ਬਰਦਸਤੀ ਖੇਡੇ। ਮੈਦਾਨ ਦੀ ਹਾਲਤ 100 ਫੀਸਦੀ ਖੇਡਣ ਯੋਗ ਨਹੀਂ ਸੀ, ਉਹ ਜ਼ਰੂਰਤ ਤੋਂ ਜ਼ਿਆਦਾ ਗਿੱਲਾ ਸੀ।' ਉਸ ਨੇ ਕਿਹਾ, 'ਚੋਟ ਦੀਆਂ ਬਹੁਤ ਸੰਭਾਵਨਾਵਾਂ ਸਨ। ਸਾਡੀ ਇੱਕ ਖਿਡਾਰਨ ਵੀ ਜ਼ਖ਼ਮੀ ਹੋ ਗਈ ਜਿਸ ਕਾਰਨ ਸਾਨੂੰ ਬਿਨਾਂ ਗੇਂਦਬਾਜ਼ ਦੇ ਖੇਡਣਾ ਪਿਆ। ਮੈਨੂੰ ਉਮੀਦ ਹੈ ਕਿ ਅਸੀਂ ਅਗਲੇ ਮੈਚ 'ਚ ਵਾਪਸੀ ਕਰਾਂਗੇ।'
ਇੰਗਲੈਂਡ ਨੇ ਸ਼ਨੀਵਾਰ ਨੂੰ ਖੇਡੇ ਗਏ ਟੀ-20 ਮੈਚ 'ਚ ਭਾਰਤ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਇੰਗਲੈਂਡ ਨੂੰ 133 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਉਸ ਨੇ 13 ਓਵਰਾਂ 'ਚ ਹਾਸਲ ਕਰ ਲਿਆ। ਇਸ ਜਿੱਤ ਨਾਲ ਇੰਗਲੈਂਡ ਨੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਮੈਚ ਮੰਗਲਵਾਰ 13 ਸਤੰਬਰ ਨੂੰ ਡਰਬੀ 'ਚ ਖੇਡਿਆ ਜਾਵੇਗਾ।