ਕੈਂਸਰ ਨੂੰ ਹਰਾਉਣ ਵਾਲੇ ਕੈਨੇਡਾ ਦੇ ਮੈਕਸ ਪੈਰੇਟ ਨੇ ਸਰਦਰੁੱਤ ਓਲੰਪਿਕ ’ਚ ਜਿੱਤਿਆ ਸੋਨ ਤਮਗਾ
Tuesday, Feb 08, 2022 - 12:40 PM (IST)
ਬੀਜਿੰਗ (ਭਾਸ਼ਾ)- ਕੈਂਸਰ ਵਿਰੁੱਧ ਜੰਗ ਜਿੱਤਣ ਵਾਲੇ ਕੈਨੇਡੀਅਨ ਸਨੋਬੋਰਡਿੰਗ ਖਿਡਾਰੀ ਮੈਕਸ ਪੈਰੇਟ ਨੇ ਸੋਮਵਾਰ ਨੂੰ ਸਰਦਰੁੱਤ ਓਲੰਪਿਕ ਦੇ ਸਨੋਬੋਰਡਿੰਗ ਮੁਕਾਬਲੇ ਦੇ ਪੁਰਸ਼ਾਂ ਦੇ ਸਲੋਪਸਟਾਇਲ ਵਰਗ ਵਿਚ ਸੋਨ ਤਗਮਾ ਜਿੱਤ ਕੇ ਵਾਪਸੀ ਦਾ ਜਸ਼ਨ ਮਨਾਇਆ। ਪੈਰੇਟ ਦੀ ਜਿੱਤ ਦੀ ਖ਼ਾਸ ਗੱਲ ਉਸ ਦਾ ਦੂਜਾ ਜੰਪ ਸੀ। ਜਦੋਂ ਉਹ ਦੂਜੇ ਕਿੱਕਰ (ਰੈਂਪ) ’ਤੇ ਪਹੁੰਚਿਆ ਤਾਂ ਸਿੱਧਾ ਜਾਣ ਦੀ ਬਜਾਏ ਉਸ ਨੇ ਇਕ ਐਂਗਲ ਲਿਆ ਅਤੇ ਉਹ ਅਜਿਹਾ ਕਰਨ ਵਾਲਾ ਇਕਲੌਤਾ ਭਾਗੀਦਾਰ ਸੀ। ਉਹ ਫਿਰ ਪਿੱਛੇ ਝੁਕਿਆ ਅਤੇ 1440 ਡਿਗਰੀ ਦਾ ਇਕ ਸਪਿਨ ਲੈਂਦੇ ਹੋਏ ਲੈਂਡਿੰਗ ਕੀਤੀ।
ਇਹ ਵੀ ਪੜ੍ਹੋ: ਕੂਹਣੀ ਦੀ ਸੱਟ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਨਹੀਂ ਖੇਡੇਣਗੇ ਕੇਨ ਵਿਲੀਅਮਸਨ
ਪੈਰੇਟ ਨੇ ਸੋਨ ਤਮਗਾ ਜਿੱਤਣ ਤੋਂ ਬਾਅਦ ਕਿਹਾ, ‘ਇਹ ਮੇਰੇ ਪੂਰੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹੈ।’ ਪਿਓਂਗਚੈਂਗ ਓਲੰਪਿਕ 2018 ਵਿਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਪੈਰੇਟ ਨੂੰ ਹਾਜਕਿਨ ਲਿੰਫੋਮਾ ਨਾਲ ਪੀੜਤ ਹੋਣ ਦਾ ਪਤਾ ਲੱਗਾ ਸੀ ਜੋ ਕੈਂਸਰ ਦੀ ਇਕ ਕਿਸਮ ਹੈ। ਇਸ ਤੋਂ ਬਾਅਦ ਉਸ ਨੂੰ 6 ਮਹੀਨਿਆਂ ਵਿਚ 12 ਵਾਰ ਕੀਮੋਥੈਰੇਪੀ ਕਰਵਾਉਣੀ ਪਈ। ਪੈਰੇਟ ਨੇ ਕਿਹਾ, ‘ਮੈਨੂੰ ਇਸ ਨਾਲ ਲੜਨ ਲਈ ਸਭ ਕੁਝ ਛੱਡਣਾ ਪਿਆ। ਮੈਂ ਨਰਕ ਵਰਗੀ ਸਥਿਤੀ ਵਿਚੋਂ ਲੰਘਿਆ। ਇਹ ਪਹਿਲੀ ਵਾਰ ਸੀ ਜਦੋਂ ਮੈਂ ਆਪਣੀ ਸਨੋਬੋਰਡ ਅਲਮਾਰੀ ਨੂੰ ਬੰਦ ਕਰਕੇ ਰੱਖ ਦਿੱਤਾ। ਮੈਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਸ਼ੇਰ ਨੂੰ ਪਿੰਜਰੇ ਵਿਚ ਬੰਦ ਕਰ ਦਿੱਤਾ ਗਿਆ ਹੋਵੇ।’ ਚੀਨ ਦੇ ਯੂ ਯੀਮਿੰਗ ਨੇ ਇਸ ਮੁਕਾਬਲੇ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਕੈਨੇਡਾ ਦੇ ਮਾਰਕ ਮੈਕਮੋਰਿਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ।
ਇਹ ਵੀ ਪੜ੍ਹੋ: ਗਲਵਾਨ ਘਾਟੀ ਸੰਘਰਸ਼ ’ਚ ਸ਼ਾਮਲ ਫੌਜੀ ਨੂੰ ਮਸ਼ਾਲਵਾਹਕ ਬਣਾਉਣ ਦਾ ਮਾਮਲਾ, ਚੀਨ ਨੇ ਦਿੱਤੀ ਸਫ਼ਾਈ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।