ਟੈਨਿਸ ਖੇਡਣ ਲਈ ਲੰਬਾ ਇੰਤਜ਼ਾਰ ਨਹੀਂ ਕਰ ਸਕਦੀ ਹਾਲੇਪ
Wednesday, Apr 08, 2020 - 02:15 AM (IST)

ਲਾਸ ਏਂਜਲਸ- ਕੋਰੋਨਾ ਵਾਇਰਸ ਕਾਰਣ ਜਦੋਂ ਪੂਰੇ ਟੈਨਿਸ ਸੈਸ਼ਨ 'ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ ਤਾਂ 2 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸਿਮੋਨਾ ਹਾਲੇਪ ਨੇ ਸਾਰਿਆਂ ਨੂੰ ਹਾਂ-ਪੱਖੀ ਬਣੇ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਫਿਰ ਤੋਂ ਕੋਰਟ 'ਤੇ ਉਤਰਨ ਲਈ ਲੰਬਾ ਇੰਤਜ਼ਾਰ ਨਹੀਂ ਕਰ ਸਕਦੀ। ਰੋਮਾਨੀਆਈ ਸਟਾਰ ਹਾਲੇਪ ਫਰਵਰੀ ਵਿਚ ਦੁਬਈ ਓਪਨ ਤੋਂ ਬਾਅਦ ਪੈਰ 'ਤੇ ਸੱਟ ਕਾਰਣ ਦੋਹਾ ਟੂਰਨਾਮੈਂਟ ਤੋਂ ਹਟ ਗਈ ਸੀ। ਇਸ ਤੋਂ ਬਾਅਦ ਉਸ ਨੇ ਇੰਡੀਅਨ ਵੇਲਸ ਟੂਰਨਾਮੈਂਟ ਤੋਂ ਵੀ ਹਟਣ ਦਾ ਫੈਸਲਾ ਕੀਤਾ ਜੋ ਕੋਰੋਨਾ ਵਾਇਰਸ ਕਾਰਣ ਮੁਲਤਵੀ ਹੋਣ ਵਾਲੀ ਪਹਿਲੀ ਟੈਨਿਸ ਪ੍ਰਤੀਯੋਗਿਤਾ ਸੀ। ਇਸ ਮਹਾਮਾਰੀ ਕਾਰਣ ਟੈਨਿਸ ਦੇ ਕਈ ਟੂਰਨਾਮੈਂਟ ਰੱਦ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿਚ ਵੱਕਾਰੀ ਵਿੰਬਲਡਨ ਵੀ ਸ਼ਾਮਲ ਹੈ, ਜਿਥੇ ਹਾਲੇਪ ਮੌਜੂਦਾ ਚੈਂਪੀਅਨ ਵੀ ਹੈ।
ਇਸ ਸਟਾਰ ਟੈਨਿਸ ਖਿਡਾਰਨ ਨੇ ਕਿਹਾ ਕਿ ਉਸ ਨੂੰ ਵੀ ਆਪਣੀ ਟੀਮ ਅਤੇ ਸਾਥੀਆਂ ਦੀ ਕਮੀ ਰੜਕ ਰਹੀ ਹੈ। ਹਾਲੇਪ ਨੇ ਟਵਿਟਰ 'ਤੇ ਲਿਖਿਆ, ''ਮੈਂ ਜਾਣਦੀ ਹਾਂ ਕਿ ਇਹ ਸਮਾਂ ਸਾਰਿਆਂ ਲਈ ਥੋੜ੍ਹਾ ਮੁਸ਼ਕਿਲ ਭਰਿਆ ਹੈ ਪਰ ਜੇਕਰ ਅਸੀਂ ਘਰ ਰਹੀਏ, ਅਸੀਂ ਮਜ਼ਬੂਤ ਅਤੇ ਹਾਂ-ਪੱਖੀ ਬਣੇ ਰਹੀਏ ਤਾਂ ਸਭ ਕੁਝ ਠੀਕ ਹੋ ਜਾਵੇਗਾ। ਮੈਂ ਫਿਰ ਤੋਂ ਯਾਤਰਾ ਕਰਨ ਦਾ ਇੰਤਜ਼ਾਰ ਨਹੀਂ ਕਰ ਸਕਦੀ। ਮੈਂ ਫਿਰ ਟੈਨਿਸ ਖੇਡਣ ਦਾ ਇੰਤਜ਼ਾਰ ਨਹੀਂ ਕਰ ਸਕਦੀ।''