ਦਰਸ਼ਕਾਂ ਦੇ ਬਿਨਾਂ ਓਲੰਪਿਕ ਆਯੋਜਨ ਤੋਂ ਇਨਕਾਰ ਨਹੀਂ: ਸੁਗਾ
Thursday, Jul 01, 2021 - 05:16 PM (IST)
ਟੋਕੀਓ (ਵਾਰਤਾ) : ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਕੋਰੋਨਾ ਕਾਰਨ ਸਥਿਤੀ ਵਿਗੜਦੀ ਹੈ ਤਾਂ ਦਰਸ਼ਕਾਂ ਦੇ ਬਿਨਾਂ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੇ ਆਯੋਜਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਜਾਪਾਨ ਦੇ ਕੋਰੋਨਾ ਵਾਇਰਸ ਮਾਮਲਿਆਂ ਦੇ ਇੰਚਾਰਜ ਮੰਤਰੀ ਯਾਸੁਤੋਸ਼ੀ ਨਿਸ਼ਿਮੁਰਾ ਨੇ ਕਈ ਮੌਕਿਆਂ ’ਤੇ ਪੁਸ਼ਟੀ ਕੀਤੀ ਹੈ ਕਿ ਸਰਕਾਰ ਓਲੰਪਿਕ ਵਿਚ ਦਰਸ਼ਕਾਂ ’ਤੇ ਪਾਬੰਦੀ ਲਗਾਉਣ ਸਮੇਤ ਕੋਰੋਨਾ ਮਾਮਲਿਆਂ ਵਿਚ ਵਾਧੇ ਕਾਰਨ ਸੁਰੱਖਿਆ ਨੂੰ ਸਖ਼ਤ ਕਰਨ ’ਤੇ ਵਿਚਾਰ ਕਰ ਰਹੀ ਹੈ।
ਟੋਕੀਓ ਵਿਚ ਗਰਮੀਆਂ ਦੀਆਂ ਓਲੰਪਿਕ ਖੇਡਾਂ ਦਾ ਆਯੋਜਨ ਸ਼ੁਰੂ ਵਿਚ 2020 ਲਈ ਨਿਰਧਾਰਤ ਕੀਤਾ ਗਿਆ ਸੀ ਅਤੇ ਮੌਜੂਦਾ ਸਮੇਂ ਵਿਚ 23 ਜੁਲਾਈ ਤੋਂ 8 ਅਗਸਤ ਦਰਮਿਆਨ ਇਸ ਦਾ ਆਯੋਜਨ ਹੋਣ ਵਾਲਾ ਹੈ। ਇਹ ਆਯੋਜਨ ਵਿਦੇਸ਼ਾਂ ਤੋਂ ਦਰਸ਼ਕਾਂ ਦੇ ਬਿਨਾਂ ਆਯੋਜਿਤ ਕੀਤਾ ਜਾਏਗਾ, ਜਦੋਂਕਿ ਘਰੇਲੂ ਦਰਸ਼ਕਾਂ ਦੀ ਸੰਖਿਆ ਹਰੇਕ ਸਥਾਨ ’ਤੇ 10 ਹਜ਼ਾਰ ਤੱਕ ਸੀਮਤ ਕਰ ਦਿੱਤੀ ਗਈ ਹੈ।