ਹਾਲਾਤ ਹਮੇਸ਼ਾ ਤੁਹਾਡੇ ਅਨੁਕੂਲ ਨਹੀਂ ਹੁੰਦੇ ਪਰ ਮੈਂ ਹਰ ਵਾਰ ਆਪਣਾ ਸਰਵੋਤਮ ਦਿੱਤਾ : ਰਾਹੁਲ

Wednesday, May 06, 2026 - 11:17 AM (IST)

ਹਾਲਾਤ ਹਮੇਸ਼ਾ ਤੁਹਾਡੇ ਅਨੁਕੂਲ ਨਹੀਂ ਹੁੰਦੇ ਪਰ ਮੈਂ ਹਰ ਵਾਰ ਆਪਣਾ ਸਰਵੋਤਮ ਦਿੱਤਾ : ਰਾਹੁਲ

ਨਵੀਂ ਦਿੱਲੀ– ਸਟਾਰ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਸਵੀਕਾਰ ਕੀਤਾ ਹੈ ਕਿ ਵਿਸ਼ੇਸ਼ ਤੌਰ ’ਤੇ ਉਸ ਦੇ ਟੀ-20 ਕੌਮਾਂਤਰੀ ਕਰੀਅਰ ਦੇ ਮਾਮਲੇ ’ਚ ਹਾਲਾਤ ਹਮੇਸ਼ਾ ਉਸ ਦੇ ਮਨ ਮੁਤਾਬਕ ਨਹੀਂ ਰਹਿੰਦੇ ਪਰ ਉਸ ਨੂੰ ਖੁਸ਼ੀ ਹੈ ਕਿ ਉਹ ਖੁਦ ਨੂੰ ਟੈਸਟ ਮਾਹਿਰ ਮੰਨਣ ਦੀ ਧਾਰਨਾ ਨੂੰ ‘ਤੋੜਨ’ ਵਿਚ ਕਾਮਯਾਬ ਰਿਹਾ ਹੈ। ਇਸ 34 ਸਾਲਾ ਬੱਲੇਬਾਜ਼ ਨੇ ਪਿਛਲੇ ਮਹੀਨੇ ਪੰਜਾਬ ਕਿੰਗਜ਼ ਵਿਰੁੱਧ ਆਈ. ਪੀ. ਐੱਲ. ਮੈਚ ’ਚ 64 ਗੇਂਦਾਂ ’ਤੇ ਅਜੇਤੂ 152 ਦੌੜਾਂ ਬਣਾਈਆਂ ਸਨ ਜਿਹੜਾ ਇਸ ਫਾਰਮੈੱਟ ’ਚ ਉਸ ਦੇ ਲਗਾਤਾਰ ਬਿਹਤਰ ਪ੍ਰਦਰਸ਼ਨ ਦਾ ਨਮੂਨਾ ਹੈ। ਕਰਨਾਟਕ ਦੇ ਇਸ ਖਿਡਾਰੀ ਨੇ 2022 ਤੋਂ ਬਾਅਦ ਭਾਰਤ ਲਈ ਕੋਈ ਟੀ-20 ਮੈਚ ਨਹੀਂ ਖੇਡਿਆ ਹੈ ਪਰ ਉਹ ਟੈਸਟ ਤੇ ਵਨ ਡੇ ’ਚ ਲਗਾਤਾਰ ਖੇਡਦਾ ਹੈ।

ਰਾਹੁਲ ਨੇ ਕਿਹਾ, ‘‘10 ਸਾਲ ਪਹਿਲਾਂ ਮੈਂ ਟੀ-20 ਟੀਮ ਦਾ ਹਿੱਸਾ ਬਣਨ ਲਈ ਕੁਝ ਵੀ ਕਰਨ ਨੂੰ ਤਿਆਰ ਸੀ। ਮੈਨੂੰ ਕਦੇ ਟੀ-20 ਖਿਡਾਰੀ ਵਜੋਂ ਨਹੀਂ ਪਰਖਿਆ ਗਿਆ ਤੇ ਨਾ ਹੀ ਮੈਨੂੰ ਸੀਮਤ ਓਵਰਾਂ ਦਾ ਚੰਗਾ ਖਿਡਾਰੀ ਮੰਨਿਆ ਗਿਆ। ਮੈਨੂੰ ਤਾਂ ਸਿਰਫ ਟੈਸਟ ਖਿਡਾਰੀ ਵਜੋਂ ਹੀ ਦੇਖਿਆ ਜਾਂਦਾ ਸੀ।’’

ਉਸ ਨੇ ਕਿਹਾ, ‘‘ਇਸ ਲਈ ਉਸ ਸੋਚ ਤੋਂ ਬਾਹਰ ਨਿਕਲਣਾ, ਸੀਮਤ ਓਵਰਾਂ ’ਚ ਆਪਣੀ ਖੇਡ ਨੂੰ ਬਿਹਤਰ ਬਣਾਉਣਾ ਤੇ ਇੱਥੋਂ ਤੱਕ ਪਹੁੰਚਣਾ ਮੇਰੇ ਲਈ ਵਾਕਈ ਮਾਣ ਵਾਲੀ ਗੱਲ ਹੈ। ਇਸ ਦੌਰਾਨ ਮੈਂ ਗਲਤੀਆਂ ਵੀ ਕੀਤੀਆਂ ਹਨ ਤੇ ਅਜਿਹੀਆਂ ਕਈ ਚੀਜ਼ਾਂ ਹਨ ਜਿਨ੍ਹਾਂ ਨੂੰ ਮੈਂ ਬਿਹਤਰ ਕਰ ਸਕਦਾ ਸੀ।’’

ਰਾਹੁਲ ਨੇ ਕਿਹਾ, ‘‘ਪਰ ਮੈਨੂੰ ਇਸ ਗੱਲ ’ਤੇ ਮਾਣ ਹੈ ਕਿ ਮੈਂ ਹਰ ਵਾਰ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ ਤੇ ਸਫਲਤਾ ਯਕੀਨੀ ਕਰਨ ਲਈ ਕੋਸ਼ਿਸ਼ ਮੁਤਾਬਕ ਚੰਗੀ ਤਿਆਰੀ ਕੀਤੀ ਹੈ। ਖੇਡ ਅਜਿਹੀ ਹੀ ਹੁੰਦੀ ਹੈ। ਹਾਲਾਤ ਹਮੇਸ਼ਾ ਤੁਹਾਡੇ ਮੁਤਾਬਕ ਨਹੀਂ ਹੁੰਦੇ ਹਨ।’’

ਰਾਹੁਲ ਨੇ ਕਿਹਾ ਕਿ ਉਸ ਨੇ ਨਤੀਜਿਆਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਖੇਡ ’ਤੇ ਧਿਆਨ ਕੇਂਦ੍ਰਿਤ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਕਿਹਾ, ‘‘ਤੁਹਾਨੂੰ ਇਸ ਨੂੰ ਸਹਿਜਤਾ ਨਾਲ ਲੈਣਾ ਪਵੇਗਾ ਤੇ ਇਸ ਸਫਰ ਦਾ ਆਨੰਦ ਲੈਣਾ ਪਵੇਗਾ। ਮੇਰੇ ਕੋਲ ਅਜੇ ਵੀ ਕੁਝ ਸਮਾਂ ਬਾਕੀ ਹੈ। ਇਸ ਲਈ ਮੈਂ ਆਪਣੀ ਸਰਵੋਤਮ ਕੋਸ਼ਿਸ਼ ਕਰਦਾ ਰਹਾਂਗਾ ਤੇ ਦੇਖਾਂਗਾ ਕਿ ਮੈਂ ਕਿੰਨੀਆਂ ਟਰਾਫੀਆਂ ਜਿੱਤ ਸਕਦਾ ਹਾਂ।’’


author

Tarsem Singh

Content Editor

Related News