ਉਹ 5 ਵੱਡੇ ਕਾਰਨ ਜਿਨ੍ਹਾਂ ਨੇ RCB ਨੂੰ ਲਗਾਤਾਰ ਦੂਜੀ ਵਾਰ ਬਣਾਇਆ ਚੈਂਪੀਅਨ

Monday, Jun 01, 2026 - 02:49 AM (IST)

ਉਹ 5 ਵੱਡੇ ਕਾਰਨ ਜਿਨ੍ਹਾਂ ਨੇ RCB ਨੂੰ ਲਗਾਤਾਰ ਦੂਜੀ ਵਾਰ ਬਣਾਇਆ ਚੈਂਪੀਅਨ

ਅਹਿਮਦਾਬਾਦ : ਇੰਡੀਅਨ ਪ੍ਰੀਮੀਅਰ ਲੀਗ (IPL 2026) ਦੇ ਫਾਈਨਲ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਨੂੰ ਹਰਾ ਕੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਲਗਾਤਾਰ ਦੂਜੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਇਤਿਹਾਸਕ ਜਿੱਤ ਨਾਲ ਬੈਂਗਲੁਰੂ ਹੁਣ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਤੋਂ ਬਾਅਦ ਲਗਾਤਾਰ ਦੋ ਵਾਰ ਖਿਤਾਬ ਜਿੱਤਣ ਵਾਲੀ ਤੀਜੀ ਟੀਮ ਬਣ ਗਈ ਹੈ। ਟੀਮ ਦੀ ਇਸ ਵੱਡੀ ਸਫਲਤਾ ਦੇ ਪਿੱਛੇ 5 ਮੁੱਖ ਕਾਰਨ ਰਹੇ ਹਨ:

1. ਆਕ੍ਰਾਮਕਤਾ ਬਣੀ 'ਸਫਲਤਾ ਦਾ ਮੰਤਰ'
ਹੈੱਡ ਕੋਚ ਐਂਡੀ ਫਲਾਵਰ ਦੀ ਅਗਵਾਈ ਵਿੱਚ ਟੀਮ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਵਿੱਚ ਆਕ੍ਰਾਮਕਤਾ ਨੂੰ ਆਪਣਾ ਆਧਾਰ ਬਣਾਇਆ। ਕਪਤਾਨ ਰਜਤ ਪਾਟੀਦਾਰ ਨੇ ਇਸ ਸੋਚ ਨੂੰ ਖੁਦ ਅੱਗੇ ਵਧਾਇਆ, ਜਿਸ ਦਾ ਅਸਰ ਜੂਨੀਅਰ ਅਤੇ ਅਨਕੈਪਡ ਖਿਡਾਰੀਆਂ ਦੇ ਪ੍ਰਦਰਸ਼ਨ ਵਿੱਚ ਵੀ ਸਾਫ਼ ਦਿਖਾਈ ਦਿੱਤਾ।

2. ਟਾਪ ਆਰਡਰ ਦਾ ਧਮਾਕੇਦਾਰ ਪ੍ਰਦਰਸ਼ਨ
ਬੈਂਗਲੁਰੂ ਦੇ ਉੱਪਰਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਪੂਰੇ ਟੂਰਨਾਮੈਂਟ ਵਿੱਚ ਨਿਰੰਤਰਤਾ ਬਣਾਈ ਰੱਖੀ। ਵਿਰਾਟ ਕੋਹਲੀ ਨੇ 16 ਮੈਚਾਂ ਵਿੱਚ 56.26 ਦੀ ਔਸਤ ਅਤੇ 1 ਸੈਂਕੜੇ ਦੀ ਮਦਦ ਨਾਲ ਸਭ ਤੋਂ ਵੱਧ 675 ਦੌੜਾਂ ਬਣਾਈਆਂ। ਵੈਂਕਟੇਸ਼ ਅਈਅਰ ਨੂੰ ਓਪਨਰ ਵਜੋਂ ਉਤਾਰਨਾ ਵੀ ਸਹੀ ਫੈਸਲਾ ਰਿਹਾ, ਜਿਨ੍ਹਾਂ ਨੇ 7 ਮੈਚਾਂ ਵਿੱਚ 209 ਦੌੜਾਂ ਬਣਾਈਆਂ, ਜਦਕਿ ਦੇਵਦੱਤ ਪਡਿੱਕਲ ਨੇ ਵੀ 464 ਦੌੜਾਂ ਦਾ ਯੋਗਦਾਨ ਪਾਇਆ।

3. ਕਪਤਾਨ ਪਾਟੀਦਾਰ ਨੇ ਮੂਹਰੇ ਹੋ ਕੇ ਕੀਤੀ ਅਗਵਾਈ
ਜਿੱਥੇ ਵਿਰਾਟ ਕੋਹਲੀ ਦੌੜਾਂ ਦੇ ਸਰਦਾਰ ਰਹੇ, ਉੱਥੇ ਹੀ ਕਪਤਾਨ ਰਜਤ ਪਾਟੀਦਾਰ ਟੀਮ ਦੀ ਰੀੜ੍ਹ ਦੀ ਹੱਡੀ ਸਾਬਤ ਹੋਏ। ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ ਉਨ੍ਹਾਂ ਨੇ 15 ਮੈਚਾਂ ਵਿੱਚ 501 ਦੌੜਾਂ ਬਣਾਈਆਂ। ਖਾਸ ਗੱਲ ਇਹ ਰਹੀ ਕਿ ਉਨ੍ਹਾਂ ਦਾ ਸਟ੍ਰਾਈਕ ਰੇਟ 192.69 ਰਿਹਾ, ਜੋ ਟੂਰਨਾਮੈਂਟ ਵਿੱਚ ਛੇਵੇਂ ਨੰਬਰ 'ਤੇ ਸੀ।

4. ਭੁਵਨੇਸ਼ਵਰ ਕੁਮਾਰ ਬਣੇ 'ਗੋਲਡਨ ਹੈਂਡ'
ਗੇਂਦਬਾਜ਼ੀ ਵਿੱਚ 37 ਸਾਲਾ ਤਜਰਬੇਕਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਟੀਮ ਲਈ ਤਾਰਨਹਾਰ ਬਣ ਕੇ ਉਭਰੇ। ਉਨ੍ਹਾਂ ਨੇ 16 ਮੈਚਾਂ ਵਿੱਚ 28 ਵਿਕਟਾਂ ਝਟਕਾਈਆਂ ਅਤੇ ਉਹ ਇਸ ਸੀਜ਼ਨ ਦੇ ਦੂਜੇ ਸਭ ਤੋਂ ਸਫਲ ਗੇਂਦਬਾਜ਼ ਰਹੇ। ਜਦੋਂ ਵੀ ਕਪਤਾਨ ਨੂੰ ਵਿਕਟ ਦੀ ਲੋੜ ਹੁੰਦੀ ਸੀ, ਭੁਵਨੇਸ਼ਵਰ ਨੇ ਨਿਰਾਸ਼ ਨਹੀਂ ਕੀਤਾ।

5. ਕਰੁਣਾਲ ਪੰਡਯਾ ਅਤੇ ਰਸਿਖ ਸਲਾਮ ਦਾ ਸਾਥ
ਕਰੁਣਾਲ ਪੰਡਯਾ ਨੇ ਮੱਧ ਕ੍ਰਮ ਵਿੱਚ ਬੱਲੇ ਨਾਲ 226 ਦੌੜਾਂ ਬਣਾਈਆਂ ਅਤੇ ਗੇਂਦਬਾਜ਼ੀ ਵਿੱਚ 14 ਵਿਕਟਾਂ ਲਈਆਂ। ਉਨ੍ਹਾਂ ਦਾ ਇਕਾਨਮੀ ਰੇਟ (8.41) ਟੀਮ ਵਿੱਚ ਸਭ ਤੋਂ ਘੱਟ ਰਿਹਾ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਨੌਜਵਾਨ ਗੇਂਦਬਾਜ਼ ਰਸਿਖ ਸਲਾਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 12 ਮੈਚਾਂ ਵਿੱਚ 19 ਵਿਕਟਾਂ ਲੈ ਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।


author

Inder Prajapati

Content Editor

Related News