IPL ਫਾਈਨਲ ’ਚ ਗੁਜਰਾਤ ਟਾਈਟਨਸ ਦਾ ਦਮ, ਬੈਂਗਲੁਰੂ ਨੂੰ ਦਿੱਤਾ 156 ਦੌੜਾਂ ਦਾ ਟੀਚਾ

Sunday, May 31, 2026 - 09:23 PM (IST)

IPL ਫਾਈਨਲ ’ਚ ਗੁਜਰਾਤ ਟਾਈਟਨਸ ਦਾ ਦਮ, ਬੈਂਗਲੁਰੂ ਨੂੰ ਦਿੱਤਾ 156 ਦੌੜਾਂ ਦਾ ਟੀਚਾ

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦਾ ਫਾਈਨਲ ਮੁਕਾਬਲਾ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ (GT) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਚਕਾਰ ਖੇਡਿਆ ਜਾ ਰਿਹਾ ਹੈ। ਮੈਚ ਵਿੱਚ ਆਰਸੀਬੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਗੁਜਰਾਤ ਦੀ ਟੀਮ ਨੂੰ 155 ਦੌੜਾਂ 'ਤੇ ਰੋਕ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਗੁਜਰਾਤ ਟਾਈਟਨਸ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 155 ਦੌੜਾਂ ਬਣਾਈਆਂ। ਗੁਜਰਾਤ ਵੱਲੋਂ ਸਿਰਫ਼ ਵਾਸ਼ਿੰਗਟਨ ਸੁੰਦਰ ਹੀ ਟਿਕ ਕੇ ਖੇਡ ਸਕੇ, ਜਿਨ੍ਹਾਂ ਨੇ ਨਾਬਾਦ 50 ਦੌੜਾਂ ਦੀ ਪਾਰੀ ਖੇਡੀ। ਕਪਤਾਨ ਸ਼ੁਭਮਨ ਗਿੱਲ ਸਿਰਫ਼ 10 ਦੌੜਾਂ ਬਣਾ ਕੇ ਆਊਟ ਹੋ ਗਏ। ਹੋਰਾਂ ਵਿੱਚ ਸਾਈ ਸੁਦਰਸ਼ਨ ਨੇ 12, ਜੋਸ ਬਟਲਰ ਨੇ 19 ਅਤੇ ਅਰਸ਼ਦ ਖਾਨ ਨੇ 15 ਦੌੜਾਂ ਦਾ ਯੋਗਦਾਨ ਪਾਇਆ।

ਬੈਂਗਲੁਰੂ ਦੇ ਤੇਜ਼ ਗੇਂਦਬਾਜ਼ਾਂ ਨੇ ਅੱਜ ਫਾਈਨਲ ਵਿੱਚ ਆਪਣਾ ਦਬਦਬਾ ਬਣਾਇਆ। ਰਸਿਕ ਸਲਾਮ ਡਾਰ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 3 ਅਹਿਮ ਵਿਕਟਾਂ ਝਟਕਾਈਆਂ। ਅਨੁਭਵੀ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਜੋਸ਼ ਹੇਜ਼ਲਵੁੱਡ ਨੇ 2-2 ਵਿਕਟਾਂ ਹਾਸਲ ਕੀਤੀਆਂ, ਜਦਕਿ ਇੱਕ ਵਿਕਟ ਕਰੁਣਾਲ ਪੰਡਯਾ ਦੇ ਹਿੱਸੇ ਆਈ। ਭੁਵਨੇਸ਼ਵਰ ਕੁਮਾਰ ਨੇ ਇਸ ਸੀਜ਼ਨ ਵਿੱਚ ਆਪਣੀਆਂ 28 ਵਿਕਟਾਂ ਵੀ ਪੂਰੀਆਂ ਕਰ ਲਈਆਂ ਹਨ।

ਹੁਣ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਲਗਾਤਾਰ ਦੂਜੀ ਵਾਰ ਚੈਂਪੀਅਨ ਬਣਨ ਲਈ 156 ਦੌੜਾਂ ਦੀ ਲੋੜ ਹੈ। ਦੱਸਣਯੋਗ ਹੈ ਕਿ ਆਰਸੀਬੀ ਪਿਛਲੇ ਸੀਜ਼ਨ ਦੀ ਜੇਤੂ ਹੈ, ਜਦਕਿ ਗੁਜਰਾਤ ਟਾਈਟਨਸ ਨੇ 2022 ਵਿੱਚ ਆਪਣਾ ਪਹਿਲਾ ਖਿਤਾਬ ਜਿੱਤਿਆ ਸੀ। ਦੋਵੇਂ ਟੀਮਾਂ ਹੁਣ ਦੂਜੀ ਵਾਰ ਟਰਾਫੀ ਚੁੱਕਣ ਦੇ ਇਰਾਦੇ ਨਾਲ ਮੈਦਾਨ ਵਿੱਚ ਹਨ। ਸਟੇਡੀਅਮ ਵਿੱਚ ਮੌਜੂਦ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਹਜ਼ਾਰਾਂ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਹੁਣ ਆਰਸੀਬੀ ਦੀ ਬੱਲੇਬਾਜ਼ੀ 'ਤੇ ਟਿਕੀਆਂ ਹੋਈਆਂ ਹਨ।


author

Inder Prajapati

Content Editor

Related News