ਅਭਿਆਸ ਮੈਚ ਤੇ ਟੀ20 ਕੌਮਾਂਤਰੀ ਦੇ ਇਕੱਠੇ ਹੋਣ ਕਾਰਣ ਬੁਮਰਾਹ ਤੇ ਸ਼ੰਮੀ ਨੂੰ ਰੋਟੇਸ਼ਨ ਦੇ ਤਹਿਤ ਮਿਲੇਗਾ ਮੌਕਾ
Thursday, Nov 19, 2020 - 03:29 AM (IST)
ਨਵੀਂ ਦਿੱਲੀ– ਭਾਰਤ ਦੇ ਪ੍ਰਮੁੱਖ ਸਟ੍ਰਾਈਕ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਦੇ ਆਸਟਰੇਲੀਆ ਵਿਰੁੱਧ ਸੀਮਤ ਓਵਰਾਂ ਦੇ 6 ਮੈਚਾਂ ਵਿਚ ਇਕੱਠੇ ਖੇਡਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਟੀਮ ਮੈਨੇਜਮੈਂਟ ਉਨ੍ਹਾਂ ਨੂੰ 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ 4 ਟੈਸਟ ਮੈਚਾਂ ਦੀ ਸੀਰੀਜ਼ ਲਈ ਤਿਆਰ ਰੱਖਣਾ ਚਾਹੁੰਦੀ ਹੈ। ਭਾਰਤੀ ਟੀਮ ਦੇ ਇਸ ਦੋ ਮਹੀਨੇ ਦੇ ਦੌਰੇ ਦੀ ਸ਼ੁਰੂਆਤ 27 ਨਵੰਬਰ ਤੋਂ 3 ਮੈਚਾਂ ਦੀ ਵਨ ਡੇ ਲੜੀ ਨਾਲ ਹੋਵੇਗੀ। ਇਸ ਤੋਂ ਬਾਅਦ ਟੀਮ ਨੂੰ ਇੰਨੇ ਹੀ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਸੀਮਤ ਓਵਰਾਂ ਦੀਆਂ ਇਨ੍ਹਾਂ ਲੜੀਆਂ ਦੇ ਮੈਚ ਸਿਡਨੀ ਤੇ ਕੈਨਬਰਾ ਵਿਚ ਖੇਡੇ ਜਾਣਗੇ।
ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਬੋਰਡ) ਦੇ ਸੂਤਰਾਂ ਦੀ ਮੰਨੀਏ ਤਾਂ ਬੁਮਰਾਹ ਤੇ ਸ਼ੰਮੀ ਦਾ ਕਾਰਜਭਾਰ ਪ੍ਰਬੰਧਨ ਮੁੱਖ ਕੋਚ ਰਵੀ ਸ਼ਾਸਤਰੀ ਤੇ ਗੇਂਦਬਾਜ਼ੀ ਕੋਚ ਭਰਤ ਅਰੁਣ ਲਈ ਸਭ ਤੋਂ ਉੱਪਰ ਹੈ। ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਪਹਿਲਾ ਅਭਿਆਸ ਮੈਚ 6 ਤੋਂ 8 ਦਸੰਬਰ ਵਿਚਾਲੇ ਖੇਡਿਆ ਜਾਵੇਗਾ। ਇਸ ਦੌਰਾਨ ਭਾਰਤੀ ਟੀਮ ਨੂੰ ਆਖਰੀ ਦੋ ਟੀ-20 ਕੌਮਾਂਤਰੀ (6 ਤੇ 8 ਦਸੰਬਰ) ਮੈਚ ਖੇਡਣੇ ਹਨ। ਇਸ਼ਾਂਤ ਸ਼ਰਮਾ ਦੀ ਸੱਟ ਦੀ ਸਥਿਤੀ ਅਜੇ ਸਾਫ ਨਹੀਂ ਹੈ, ਜਿਸ ਨਾਲ ਬੁਮਰਾਹ ਤੇ ਸ਼ੰਮੀ ਦੋਵੇਂ ਭਾਰਤੀ ਟੈਸਟ ਮੁਹਿੰਮ ਲਈ ਕਾਫੀ ਅਹਿਮ ਹੋਣਗੇ। ਅਜਿਹੇ ਵਿਚ ਟੀਮ ਮੈਨੇਂਜਮੈਂਟ (ਸ਼ਾਸਤਰੀ, ਕਪਤਾਨ ਵਿਰਾਟ ਕੋਹਲੀ ਤੇ ਗੇਂਦਬਾਜ਼ੀ ਕੋਚ) 12 ਦਿਨਾਂ ਦੇ ਅੰਦਰ ਸੀਮਤ ਓਵਰਾਂ ਦੇ 6 ਮੈਚਾਂ ਵਿਚ ਇਨ੍ਹਾਂ ਦੋਵਾਂ ਨੂੰ ਇਕੱਠੇ ਮੈਦਾਨ 'ਤੇ ਉਤਾਰ ਕੇ ਕੋਈ ਜ਼ੋਖਿਮ ਨਹੀਂ ਲੈਣਾ ਚਾਹੇਗਾ।
ਬੋਰਡ ਦੇ ਇਕ ਸੂਤਰ ਨੇ ਕਿਹਾ,''ਜੇਕਰ ਦੋਵੇਂ (ਬੁਮਰਾਹ ਤੇ ਸ਼ੰਮੀ) ਟੀ-20 ਕੌਮਾਂਤਰੀ (4, 6 ਤੇ 8 ਦਸੰਬਰ) ਲੜੀ ਵਿਚ ਖੇਡਦੇ ਹਨ ਤਾਂ ਉਨ੍ਹਾਂ ਨੂੰ ਟੈਸਟ ਅਭਿਆਸ ਲਈ ਇਕ ਹੀ ਮੈਚ ਮਿਲੇਗਾ, ਮੈਨੂੰ ਨਹੀਂ ਲੱਗਦਾ ਕਿ ਟੀਮ ਮੈਨੇਜਮੈਂਟ ਅਜਿਹਾ ਚਾਹੇਗੀ।''
ਇਸ ਗੱਲ ਦੀ ਸੰਭਵਨਾ ਵਧੇਰੇ ਹੈ ਕਿ ਸੀਮਤ ਓਵਰਾਂ ਦੀ ਲੜੀ ਦੌਰਾਨ ਸ਼ੰਮੀ ਤੇ ਬੁਮਰਾਹ ਨੂੰ ਇਕੱਠੇ ਟੀਮ ਵਿਚ ਸ਼ਾਮਲ ਨਾ ਕੀਤਾ ਜਾਵੇ। ਇਕ ਸੰਭਾਵਨਾ ਇਹ ਵੀ ਹੋ ਸਕਦੀ ਹੈ ਕਿ ਦੋਵੇਂ ਵਨ ਡੇ ਮੈਚਾਂ ਵਿਚ ਖੇਡਣ, ਜਿੱਥੇ ਉਨ੍ਹਾਂ ਕੋਲ 10 ਓਵਰ ਗੇਂਦਬਾਜ਼ੀ ਕਰਨ ਦਾ ਮੌਕਾ ਹੋਵੇਗਾ। ਵਨ ਡੇ ਤੋਂ ਬਾਅਦ ਉਹ ਟੈਸਟ ਮੈਚਾਂ ਵਿਚ ਖੇਡਣ। ਸ਼ੰਮੀ ਨੂੰ ਗੁਲਾਬੀ ਗੇਂਦ (ਡੇ-ਨਾਈਟ ਟੈਸਟ ਵਿਚ ਇਸਤੇਮਾਲ ਹੋਣ ਵਾਲੀ ਗੇਂਦ) ਨਾਲ ਅਭਿਆਸ ਕਰਦੇ ਵੀ ਦੇਖਿਆ ਗਿਆ, ਜਿਸ ਤੋਂ ਉਸਦੀ ਪਹਿਲਕਦਮੀ ਦਾ ਪਤਾ ਲੱਗਦਾ ਹੈ।
ਭਾਰਤੀ ਟੀਮ ਨੂੰ 17 ਦਸੰਬਰ ਤੋਂ ਐਡੀਲੇਡ ਵਿਚ ਡੇ-ਨਾਈਟ ਟੈਸਟ ਖੇਡਣ ਤੋਂ ਪਹਿਲਾਂ ਸਿਡਨੀ ਵਿਚ 11 ਤੋਂ 13 ਦਸੰਬਰ ਤਕ ਗੁਲਾਬੀ ਗੇਂਦ ਨਾਲ ਇਕ ਅਭਿਆਸ ਮੈਚ ਵੀ ਖੇਡਣਾ ਹੈ। ਬੁਮਰਾਹ ਤੇ ਸ਼ੰਮੀ ਜੇਕਰ ਟੀ-20 ਮੈਚਾਂ ਵਿਚੋਂ ਬਾਹਰ ਬੈਠਦੇ ਹਨ ਤਾਂ ਇਸ ਵਿਚ ਗੇਂਦਬਾਜ਼ੀ ਦਾ ਦਾਰੋਮਦਾਰ ਦੀਪਕ ਚਾਹਰ, ਟੀ. ਨਟਰਾਜਨ ਤੇ ਨਵਦੀਪ ਸੈਣੀ ਦੀ ਤੇਜ਼ ਗੇਂਦਬਾਜ਼ਾਂ ਦੀ ਤਿਕੜੀ ਦੇ ਨਾਲ ਯੁਜਵੇਂਦਰ ਚਾਹਲ, ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਵਰਗੇ ਸਪਿਨਰਾਂ 'ਤੇ ਹੋਵੇਗਾ।