ਮੁੱਕੇਬਾਜ਼ੀ ਓਲੰਪਿਕ ਟੈਸਟ ਟੂਰਨਾਮੈਂਟ : ਥਾਪਾ ਸਮੇਤ 3 ਭਾਰਤੀ ਫਾਈਨਲ ''ਚ, 4 ਨੂੰ ਕਾਂਸੀ

10/30/2019 6:24:35 PM

ਟੋਕੀਓ : ਸ਼ਿਵ ਥਾਪਾ (63 ਕਿ.ਗ੍ਰਾ), ਪੂਜਾ ਰਾਣੀ (75 ਕਿ.ਗ੍ਰਾ) ਅਤੇ ਆਸ਼ੀਸ਼ (69 ਕਿ.ਗ੍ਰਾ) ਓਲੰਪਿਕ ਮੁੱਕੇਬਾਜ਼ੀ ਟੈਸਟ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚ ਗਏ ਪਰ ਹੋਰ ਭਾਰਤੀਆਂ ਨੂੰ ਕਾਂਸੀ ਤਮਗੇ ਨਾਲ ਹੀ ਸਬਰ ਕਰਨਾ ਪਿਆ। ਸੈਮੀਫਾਈਨਲ ਵਿਚ ਸਵੇਰ ਦੇ ਸੈਸ਼ਨ ਵਿਚ 4 ਵਾਰ ਦੇ ਏਸ਼ੀਆਈ ਤਮਗਾ ਜੇਤੂ ਸ਼ਿਵ ਥਾਪਾ ਨੇ ਜਾਪਾਨ ਦੇ ਦੇਈਸੁਕੇ ਨਾਰਮਿਤਸੂ ਨੂੰ ਵੰਡੇ ਹੋਏ ਫੈਸਲੇ 'ਚ ਹਰਾਇਆ। ਏਸ਼ੀਆਈ ਖੇਡਾਂਣ ਦੀ ਸਾਬਕਾ ਕਾਂਸੀ ਤਮਗਾ ਜੇਤੂ ਰਾਣੀ ਨੇ ਬ੍ਰਾਜ਼ੀਲ ਦੀ ਬੀਟਰਿਜ ਸੋਰੇਸ ਨੂੰ ਹਰਾਇਆ। ਰਾਣੀ ਨੇ ਇਸ ਸਾਲ ਏਸ਼ੀਆਈ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜਿੱਤਿਆ ਸੀ।

ਭਾਰਤੀ ਮੁੱਕੇਬਾਜ਼ੀ ਦੇ ਹਾਈ ਪਰਫਾਰਮੈਂਸ ਸੈਂਟਿਯਾਗੋ ਨੀਵਾ ਨੇ ਕਿਹਾ, ''ਸ਼ਿਵ ਥਾਪਾ ਅਤੇ ਪੂਜਾ ਰਾਣੀ ਨੇ ਸਖਤ ਮੁਕਾਬਲਿਆਂ ਵਿਚ ਜਿੱਤ ਦਰਜ ਕੀਤੀ। ਦੋਵਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸ਼ਾਮ ਦੇ ਸੈਸ਼ਨ ਵਿਚ ਆਸ਼ੀਸ਼ (69 ਕਿ.ਗ੍ਰਾ)ਨੇ ਜਾਪਾਨ ਦੇ ਰੋਕੀ ਕਿੰਗਜਿਓ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ। ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਨਿਕਹਤ ਜਰੀਨ (51 ਕਿ.ਗ੍ਰਾ), ਸਿਮਰਜੀਤ ਕੌਰ (60 ਕਿ.ਗ੍ਰਾ), ਏਸ਼ੀਆਈ ਖੇਡਾਂ ਵਿਚ ਚਾਂਦੀ ਤਮਗਾ ਜੇਤੂ ਸੁਮਿਤ ਸਾਗਵਾਨ (91 ਕਿ.ਗ੍ਰਾ) ਅਤੇ ਵਾਲਿਮਪਰੁਈਆ (75 ਕਿ.ਗ੍ਰਾ) ਨੂੰ ਸੈਮੀਫਾਈਨਲ ਵਿਚ ਹਾਰ ਤੋਂ ਬਾਅਦ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਇਹ ਸਾਰੇ ਮੁੱਕੇਬਾਜ਼ ਬਿਨਾ ਲੜੇ ਸੈਮੀਫਾਈਨਲ ਵਿਚ ਪਹੁੰਚੇ ਸੀ ਕਿਉਂਕਿ ਉਨ੍ਹਾਂ ਦੇ ਭਾਰ ਵਰਗ ਵਿਚ ਮੁਕਾਬਲੇਬਾਜ਼ ਘੱਟ ਸੀ।


Related News