ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਦੇ ਬਾਅਦ ਹੋ ਸਕਦਾ ਹੈ ਕੋਚਿੰਗ ਸਟਾਫ਼ ''ਚ ਵੱਡਾ ਬਦਲਾਅ
Wednesday, Sep 15, 2021 - 11:12 AM (IST)
ਸਪੋਰਟਸ ਡੈਸਕ- ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਅਗਲੇ ਤਿੰਨ ਮਹੀਨੇ ਵਿਚ ਭਾਰਤੀ ਮੁੱਕੇਬਾਜ਼ੀ ਦੇ ਕੋਚਿੰਗ ਸਟਾਫ ਵਿਚ ਪੂਰੀ ਤਰ੍ਹਾਂ ਤਬਦੀਲੀ ਕੀਤੀ ਜਾ ਸਕਦੀ ਹੈ। ਰਾਸ਼ਟਰੀ ਮਹਾਸੰਘ ਦੇ ਸੂਤਰ ਨੇ ਇਹ ਜਾਣਕਾਰੀ ਦਿੰਦੇ ਹੋਏ ਖ਼ੁਲਾਸਾ ਕੀਤਾ ਹੈ ਕਿ ਟੋਕੀਓ ਓਲੰਪਿਕ ਵਿਚ ਮੁੱਕੇਬਾਜ਼ਾਂ ਦੇ ਪ੍ਰਦਰਸ਼ਨ ਤੋਂ ਅਧਿਕਾਰੀ ਸੰਤੁਸ਼ਟ ਨਹੀਂ ਹਨ। ਸੂਤਰਾ ਤੋਂ ਪਤਾ ਲੱਗਾ ਹੈ ਕਿ ਦੋ ਉੱਚ ਪ੍ਰਦਰਸ਼ਨ ਡਾਇਰੈਕਟਰ ਸੈਂਟੀਆਗੋ ਨੀਵਾ (ਪੁਰਸ਼ਾਂ ਦੇ) ਤੇ ਰਾਫੇਲ ਬਰਗਾਮਸਕੋ (ਮਹਿਲਾਵਾਂ ਦੇ) ਤੋਂ ਇਲਾਵਾ ਰਾਸ਼ਟਰੀ ਮੁੱਖ ਕੋਚ ਸੀਏ ਕਟੱਪਾ ਪੁਰਸ਼) ਤੇ ਮੁਹੰਮਦ ਅਲੀ ਕਮਰ (ਮਹਿਲਾ) ਇਸ ਸਮੇਂ ਡੂੰਘੀ ਸਮੀਖਿਆ ਦੇ ਘੇਰੇ ਵਿਚ ਹਨ।
ਜੁਲਾਈ-ਅਗਸਤ ਵਿਚ ਹੋਈਆਂ ਖੇਡਾਂ ਵਿਚ ਭਾਰਤ ਨੇ ਪੰਜ ਪੁਰਸ਼ ਤੇ ਚਾਰ ਮਹਿਲਾ ਮੁੱਕੇਬਾਜ਼ਾਂ ਦੇ ਰੂਪ ਵਿਚ ਮੁੱਕੇਬਾਜ਼ੀ ਵਿਚ ਆਪਣੀ ਹੁਣ ਤਕ ਦੀ ਸਭ ਤੋਂ ਵੱਡੀ ਟੀਮ ਉਤਾਰੀ ਗਈ ਸੀ ਪਰ ਇਨ੍ਹਾਂ ਵਿਚੋਂ ਸਿਰਫ਼ ਲਵਲੀਨਾ ਬੋਰਗੋਹੇਨ ਹੀ ਕਾਂਸੇ ਦੇ ਮੈਡਲ ਨਾਲ ਪੋਡੀਅਮ ’ਤੇ ਥਾਂ ਬਣਾਉਣ ਵਿਚ ਕਾਮਯਾਬ ਰਹੀ। ਇਹ ਨੌਂ ਸਾਲ ਵਿਚ ਓਲੰਪਿਕ ਵਿਚ ਮੁੱਕੇਬਾਜ਼ੀ ਦਾ ਪਹਿਲਾ ਮੈਡਲ ਸੀ ਪਰ ਖੇਡਾਂ ਦੇ ਮਹਾਕੁੰਭ ਤੋਂ ਪਹਿਲਾਂ ਮੁੱਕੇਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਨ੍ਹਾਂ ਤੋਂ ਵੱਧ ਮੈਡਲਾਂ ਦੀ ਉਮੀਦ ਸੀ।
ਇਕ ਸੂਤਰ ਨੇ ਕਿਹਾ ਕਿ ਓਲੰਪਿਕ ਵਿਚ ਪ੍ਰਦਰਸ਼ਨ ਨਾਲ (ਮਹਾਸੰਘ ਵਿਚ) ਕੋਈ ਵੀ ਖ਼ੁਸ਼ ਨਹੀਂ ਹੈ। ਇਸ ਲਈ ਜਿਵੇਂ ਅਸੀਂ ਵਾਅਦਾ ਕੀਤਾ ਸੀ, ਸਮੀਖਿਆ ਚੱਲ ਰਹੀ ਹੈ ਤੇ ਇਹ ਲੰਬੀ ਪ੍ਰਕਿਰਿਆ ਹੈ ਜਿਸ ਵਿਚ ਕੁਝ ਮਹੀਨੇ ਲੱਗਣਗੇ। ਦੋ ਵਿਸ਼ਵ ਚੈਂਪੀਅਨਸ਼ਿਪਾਂ ਤਕ ਕੋਈ ਤਬਦੀਲੀ ਨਹੀਂ ਹੋਵੇਗੀ। ਕੀ ਪਤਾ ਇਸ ਤੋਂ ਬਾਅਦ ਸਭ ਕੁਝ ਬਦਲ ਜਾਵੇ ਪਰ ਅਸੀਂ ਦੋ ਤੋਂ ਤਿੰਨ ਮਹੀਨੇ ਤਕ ਉਡੀਕ ਕਰਾਂਗੇ। ਪੁਰਸ਼ ਵਿਸ਼ਵ ਚੈਂਪੀਅਨਸ਼ਿਪ ਸਰਬੀਆ ਵਿਚ 26 ਅਕਤੂਬਰ ਤੋਂ ਕਰਵਾਈ ਜਾਵੇਗੀ ਜਦਕਿ ਮਹਿਲਾ ਟੂਰਨਾਮੈਂਟ ਦਸੰਬਰ ਵਿਚ ਹੋਵੇਗਾ।
ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀਐੱਫਆਈ) ਨੇ ਨੀਵਾ ਤੇ ਬਰਗਾਮਸਕੋ ਦੇ ਕਾਰਜਕਾਲ ਵਿਚ ਤਿੰਨ ਮਹੀਨੇ ਦਾ ਵਾਧਾ ਕੀਤਾ ਹੈ ਜਿਸ ਨਾਲ ਕਿ ਦੋ ਵੱਡੀਆਂ ਚੈਂਪੀਅਨਸ਼ਿਪਾਂ ਵਿਚ ਨਿਰੰਤਰਤਾ ਬਣੀ ਰਹੇ। ਇਨ੍ਹਾਂ ਚੈਂਪੀਅਨਸ਼ਿਪਾਂ ਵਿਚ ਰਾਸ਼ਟਰੀ ਚੈਂਪੀਅਨ ਦੇਸ਼ ਦੀ ਨੁਮਾਇੰਦਗੀ ਕਰਨਗੇ। ਇਨ੍ਹਾਂ ਦੋਵਾਂ ਦੇ ਕਰਾਰ ਟੋਕੀਓ ਓਲੰਪਿਕ ਤੋਂ ਬਾਅਦ ਖ਼ਤਮ ਹੋਣੇ ਸਨ। ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਕਰਨਾਟਕ ਦੇ ਬੇਲਾਰੀ ਵਿਚ ਸ਼ੁਰੂ ਹੋਵੇਗੀ ਜਦਕਿ ਮਹਿਲਾ ਚੈਂਪੀਅਨਸ਼ਿਪ ਅਕਤੂਬਰ ਦੇ ਮੱਧ ਵਿਚ ਹੋਵੇਗੀ।