ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਪੱਤਰਕਾਰਾਂ ਨੂੰ ਕੀਤਾ ਸਲਾਮ
Tuesday, Jan 05, 2021 - 02:53 PM (IST)
ਸਪੋਰਟਸ ਡੈਸਕ : ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲ ਫਿਰ ਅਟਕ ਗਈ ਹੈ। ਬੀਤੇ ਦਿਨੀਂ ਯਾਨੀ ਕਿ ਸੋਮਵਾਰ ਨੂੰ ਵਿਗਿਆਨ ਭਵਨ ’ਚ ਕਿਸਾਨਾਂ ਅਤੇ ਸਰਕਾਰ ਵਿਚਾਲੇ ਹੋਈ ਗੱਲਬਾਤ ਬੇਸਿੱਟਾ ਰਹੀ। ਹੁਣ ਮੁੜ ਦੋਵੇਂ ਧਿਰਾਂ 8 ਜਨਵਰੀ ਨੂੰ ਆਹਮੋ-ਸਾਹਮਣੇ ਹੋਣਗੀਆਂ। ਇਸ ਦਰਮਿਆਨ ਕੜਾਕੇ ਦੀ ਠੰਡ ਅਤੇ ਮੀਂਹ ਦੇ ਬਾਵਜੂਦ ਵੀ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਦੱਸ ਦੇਈਏ ਕਿ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਦਾ ਅੰਦੋਲਨ ਅੱਜ 41ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ ਅਤੇ ਅੰਦੋਲਨ ਨੂੰ ਕਲਾਕਾਰ ਅਤੇ ਖਿਡਾਰੀਆਂ ਦਾ ਸਮਰਥਨ ਵੀ ਮਿਲ ਰਿਹਾ ਹੈ। ਉਥੇ ਹੀ ਮੀਡੀਆ ਅਤੇ ਪੱਤਰਕਾਰ ਵੀ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਅਹਿਮ ਭੂਮਿਕਾ ਨਿਭਾਅ ਰਹੇ ਹਨ। ਅਜਿਹੇ ਵਿਚ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਆਪਣੇ ਟਵਿਟਰ ਅਕਾਊਂਟ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਪੱਤਰਕਾਰਾਂ ਨੂੰ ਸਲਾਮ ਕੀਤਾ ਹੈ। ਉਨ੍ਹਾਂ ਕੈਪਸ਼ਨ ਦਿੱਤੀ, ‘ਇਕ ਸਲਾਮ ਉਨ੍ਹਾਂ ਰਿਪੋਰਟਰਾਂ ਨੂੰ ਵੀ ਜੋ ਠੰਡ ’ਚ ਕਿਸਾਨਾਂ ਵਿਚਾਲੇ ਜਾ ਕੇ ਸਹੀ ਰਿਪੋਰਟਿੰਗ ਕਰ ਰਹੇ ਹਨ।’ ਇਹ ਪੋਸਟ ਵਾਇਰਲ ਹੁੰਦੇ ਹੀ ਹਰ ਕੋਈ ਪੱਤਰਕਾਰਾਂ ਨੂੰ ਸਲਾਮ ਕਰ ਰਿਹਾ ਹੈ।
ਇਹ ਵੀ ਪੜ੍ਹੋ : ਗਰਭ ਅਵਸਥਾ ਦੇ ਆਖ਼ਰੀ ਦਿਨਾਂ ’ਚ ਜਿੰਮ ’ਚ ‘ਵਰਕਆਊਟ’ ਕਰਦੀ ਦਿਖੀ ਅਨੁਸ਼ਕਾ, ਵੇਖੋ ਵੀਡੀਓ
ਦੱਸ ਦੇਈਏ ਕਿ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸਮਰਥਨ ਕੀਤਾ ਹੈ। ਕਿਸਾਨਾਂ ਦੇ ਸਮਰਥਨ ਵਿਚ ਵਿਜੇਂਦਰ ਸਿੰਘ ਸਿੰਘੂ ਸਰਹੱਦ ਵੀ ਗਏ ਸਨ। ਇੱਥੇ ਉਨ੍ਹਾਂ ਨੇ ਸੰਬੋਧਨ ਦੌਰਾਨ ਕਿਹਾ ਸੀ ਕਿ ਜੇਕਰ ਕਿਸਾਨਾਂ ਦੀ ਮੰਗ ਸਰਕਾਰ ਨਹੀਂ ਮੰਨਦੀ ਅਤੇ ਖੇਤੀ ਨਾਲ ਜੁੜੇ ਇਹ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਉਹ ਆਪਣਾ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਵਾਪਸ ਕਰ ਦੇਣਗੇ। ਦੱਸ ਦੇਈਏ ਕਿ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਦੇਸ਼ ਦਾ ਸਰਵਉੱਚ ਖੇਡ ਐਵਾਰਡ ਹੈ।
ਇਹ ਵੀ ਪੜ੍ਹੋ : 5 ਸਾਲ ਦੀ ਉਮਰ ’ਚ ਬਰਾਂਡ ਅੰਬੈਸਡਰ ਬਣੀ ਧੋਨੀ ਦੀ ਧੀ ਜੀਵਾ, ਇਸ ਵਿਗਿਆਪਨ ’ਚ ਆਵੇਗੀ ਨਜ਼ਰ, ਵੇਖੋ ਵੀਡੀਓ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।