ਮੁੱਕੇਬਾਜ਼ ਨਿਸ਼ਾਂਤ ਦੇਵ ਪੈਰਿਸ ਓਲੰਪਿਕ ਕੋਟੇ ਤੋਂ ਇੱਕ ਜਿੱਤ ਦੂਰ
Monday, Mar 11, 2024 - 03:44 PM (IST)
ਬਾਸਟੋ ਅਰਸਿਜ਼ਿਓ (ਇਟਲੀ) : ਵਿਸ਼ਵ ਚੈਂਪੀਅਨਸ਼ਿਪ ਦਾ ਤਗਮਾ ਜੇਤੂ ਮੁੱਕੇਬਾਜ਼ ਨਿਸ਼ਾਂਤ ਦੇਵ ਪੈਰਿਸ ਓਲੰਪਿਕ ਕੋਟਾ ਹਾਸਲ ਕਰਨ ਤੋਂ ਇਕ ਜਿੱਤ ਦੂਰ ਹੈ ਕਿਉਂਕਿ ਉਸ ਨੇ ਗ੍ਰੀਸ ਦੇ ਕ੍ਰਿਸਟੋਸ ਕਰਾਇਟਿਸ ਨੂੰ ਹਰਾ ਕੇ ਵਿਸ਼ਵ ਓਲੰਪਿਕ ਮੁੱਕੇਬਾਜ਼ੀ ਕੁਆਲੀਫਾਇਰ ਦੇ 71 ਕਿਲੋ ਵਰਗ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ। 23 ਸਾਲਾ ਨਿਸ਼ਾਂਤ, ਜਿਸ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਫੀਦਰਵੇਟ ਕਾਂਸੀ ਦਾ ਤਗਮਾ ਜਿੱਤਿਆ ਸੀ, ਨੇ ਸਰਬਸੰਮਤੀ ਨਾਲ 5-0 ਨਾਲ ਜਿੱਤ ਦਰਜ ਕੀਤੀ।
ਇਸ ਕੁਆਲੀਫਾਇੰਗ ਟੂਰਨਾਮੈਂਟ ਵਿੱਚ ਪੁਰਸ਼ਾਂ ਦੇ 71 ਕਿਲੋ ਵਰਗ ਵਿੱਚ ਚਾਰ ਕੋਟੇ ਦਿੱਤੇ ਜਾਣੇ ਹਨ। ਨਿਸ਼ਾਂਤ ਨੂੰ ਕੁਆਰਟਰ ਫਾਈਨਲ ਵਿੱਚ ਜਿੱਤ ਦੀ ਲੋੜ ਹੈ ਤਾਂ ਜੋ ਉਹ ਭਾਰਤ ਲਈ ਪੁਰਸ਼ ਮੁੱਕੇਬਾਜ਼ੀ ਵਿੱਚ ਪੰਜਵਾਂ ਕੋਟਾ ਹਾਸਲ ਕਰ ਸਕੇ। ਉਸ ਦਾ ਸਾਹਮਣਾ ਵਿਸ਼ਵ ਚੈਂਪੀਅਨਸ਼ਿਪ 2021 ਚਾਂਦੀ ਦਾ ਤਗਮਾ ਜੇਤੂ ਅਮਰੀਕਾ ਦੇ ਓਮਾਰੀ ਜੋਨਸ ਨਾਲ ਹੋਵੇਗਾ। ਭਾਰਤ ਦੀ 9 ਮੈਂਬਰੀ ਟੀਮ ਵਿੱਚ ਓਲੰਪਿਕ ਕੋਟੇ ਦੀ ਦੌੜ ਵਿੱਚ ਸਿਰਫ਼ ਨਿਸ਼ਾਂਤ ਹੀ ਬਚਿਆ ਹੈ।
ਵਿਸ਼ਵ ਚੈਂਪੀਅਨਸ਼ਿਪ 2023 ਦੇ ਕਾਂਸੀ ਤਮਗਾ ਜੇਤੂ ਦੀਪਕ ਭੋਰੀਆ (51 ਕਿਲੋਗ੍ਰਾਮ) ਅਤੇ ਮੁਹੰਮਦ ਹੁਸਾਮੁਦੀਨ (57 ਕਿਲੋਗ੍ਰਾਮ) ਪਹਿਲੇ ਦੌਰ ਵਿੱਚ ਹਾਰ ਗਏ। ਭਾਰਤ ਲਈ ਨਿਖਤ ਜ਼ਰੀਨ (50 ਕਿਲੋ), ਪ੍ਰੀਤੀ ਪਵਾਰ (54 ਕਿਲੋ), ਪਰਵੀਨ ਹੁੱਡਾ (57 ਕਿਲੋ) ਅਤੇ ਲਵਲੀਨਾ ਬੋਰਗੋਹੇਨ (75 ਕਿਲੋ) ਨੇ ਓਲੰਪਿਕ ਕੋਟਾ ਹਾਸਲ ਕੀਤਾ ਹੈ। ਬਾਕੀ ਭਾਰਤੀ ਮੁੱਕੇਬਾਜ਼ਾਂ ਲਈ ਆਖਰੀ ਮੌਕਾ ਬੈਂਕਾਕ ਵਿੱਚ 23 ਮਈ ਤੋਂ 3 ਜੂਨ ਤੱਕ ਹੋਣ ਵਾਲਾ ਦੂਜਾ ਓਲੰਪਿਕ ਮੁੱਕੇਬਾਜ਼ੀ ਕੁਆਲੀਫਾਇਰ ਹੋਵੇਗਾ, ਜਿੱਥੋਂ 45 ਤੋਂ 51 ਮੁੱਕੇਬਾਜ਼ ਕੁਆਲੀਫਾਈ ਕਰਨਗੇ।