ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਰਚਿਆ ਇਤਿਹਾਸ, ਜਿੱਤਿਆ WBF ਦਾ ਵਿਸ਼ਵ ਖਿਤਾਬ

Tuesday, Nov 05, 2024 - 02:50 PM (IST)

ਨਵੀਂ ਦਿੱਲੀ, (ਭਾਸ਼ਾ) ਭਾਰਤੀ ਪੇਸ਼ੇਵਰ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਕੇਮੈਨ ਆਈਲੈਂਡਜ਼ ਵਿਚ ਬ੍ਰਿਟੇਨ ਦੇ ਕੋਨੋਰ ਮੈਕਿੰਟੋਸ਼ ਨੂੰ ਹਰਾ ਕੇ ਵਿਸ਼ਵ ਮੁੱਕੇਬਾਜ਼ੀ ਮਹਾਸੰਘ (ਡਬਲਯੂ.ਬੀ.ਐੱਫ.) ਦਾ ਸੁਪਰ ਫੇਦਰਵੇਟ ਵਿਸ਼ਵ ਖਿਤਾਬ ਜਿੱਤ ਲਿਆ ਹੈ। ਸਾਬਕਾ ਓਲੰਪਿਕ ਚਾਂਦੀ ਤਮਗਾ ਜੇਤੂ ਰਾਏ ਜੋਨਸ ਜੂਨੀਅਰ ਦੇ ਅਧੀਨ ਸਿਖਲਾਈ ਲੈਣ ਵਾਲੇ 31 ਸਾਲਾ ਜਾਂਗੜਾ ਨੂੰ ਆਪਣੇ ਪੇਸ਼ੇਵਰ ਕਰੀਅਰ ਵਿੱਚ ਹੁਣ ਤੱਕ ਸਿਰਫ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬ੍ਰਿਟਿਸ਼ ਮੁੱਕੇਬਾਜ਼ ਦੇ ਖਿਲਾਫ ਮੈਚ ਵਿੱਚ, ਉਸ ਨੇ ਜ਼ਿਆਦਾਤਰ ਰਾਊਂਡਾਂ ਵਿੱਚ ਆਪਣਾ ਪਲੜਾ ਭਾਰੀ ਰੱਖਿਆ। ਜਾਂਗੜਾ ਨੇ ਸ਼ੁਰੂ ਤੋਂ ਹੀ ਜ਼ਬਰਦਸਤ ਪੰਚ ਲਾਏ ਅਤੇ 10 ਰਾਊਂਡਾਂ ਦੌਰਾਨ ਆਪਣੀ ਤਾਕਤ ਬਰਕਰਾਰ ਰੱਖੀ। ਦੂਜੇ ਪਾਸੇ ਬ੍ਰਿਟਿਸ਼ ਮੁੱਕੇਬਾਜ਼ ਨੇ ਰਫ਼ਤਾਰ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਕੀਤਾ। ਕੋਨੋਰ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਾਂਗੜਾ ਨੇ ਜ਼ਿਆਦਾਤਰ ਦੌਰ ਤੱਕ ਬੜ੍ਹਤ ਬਣਾਈ ਰੱਖੀ। 

ਜਾਂਗੜਾ ਨੇ ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ, “ਇਹ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਨੂੰ ਹਾਸਲ ਕਰਨ ਲਈ ਮੈਂ ਸਾਲਾਂ ਬੱਧੀ ਮਿਹਨਤ ਕੀਤੀ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਂ ਦੇਸ਼ ਦਾ ਨਾਂ ਰੌਸ਼ਨ ਕਰ ਸਕਿਆ।'' ਹਰਿਆਣਾ ਦੇ ਰਹਿਣ ਵਾਲੇ ਜਾਂਗੜਾ ਨੇ 2021 'ਚ ਪੇਸ਼ੇਵਰ ਮੁੱਕੇਬਾਜ਼ੀ ਦੀ ਸ਼ੁਰੂਆਤ ਕੀਤੀ ਸੀ। ਉਸ ਨੂੰ ਉਮੀਦ ਹੈ ਕਿ ਇਹ ਖਿਤਾਬ ਹੋਰ ਭਾਰਤੀ ਮੁੱਕੇਬਾਜ਼ਾਂ ਨੂੰ ਪੇਸ਼ੇਵਰ ਬਣਨ ਲਈ ਪ੍ਰੇਰਿਤ ਕਰੇਗਾ। ਉਸ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਇਹ ਖਿਤਾਬ ਦੇਸ਼ ਦੇ ਹੋਰ ਮੁੱਕੇਬਾਜ਼ਾਂ ਲਈ ਰਾਹ ਖੋਲ੍ਹੇਗਾ ਅਤੇ ਉਹ ਵੀ ਪੇਸ਼ੇਵਰ ਮੁੱਕੇਬਾਜ਼ੀ 'ਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕਰਨਗੇ। ਸਾਡੇ ਮੁੱਕੇਬਾਜ਼ ਚੰਗੇ ਹਨ ਅਤੇ ਉਨ੍ਹਾਂ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਜੇਕਰ ਉਸ ਨੂੰ ਚੰਗਾ ਪ੍ਰਮੋਟਰ ਅਤੇ ਮੈਨੇਜਰ ਮਿਲ ਜਾਂਦਾ ਹੈ ਤਾਂ ਉਹ ਵਿਸ਼ਵ ਚੈਂਪੀਅਨ ਵੀ ਬਣ ਸਕਦਾ ਹੈ।'' ਜਾਂਗੜਾ ਨੇ ਆਪਣੇ ਪੇਸ਼ੇਵਰ ਕਰੀਅਰ ਵਿੱਚ ਹੁਣ ਤੱਕ 12 ਵਿੱਚੋਂ 11 ਮੁਕਾਬਲੇ ਜਿੱਤੇ ਹਨ, ਜਿਸ ਵਿੱਚ ਸੱਤ ਨਾਕਆਊਟ ਜਿੱਤਾਂ ਵੀ ਸ਼ਾਮਲ ਹਨ। ਉਸਨੇ ਇੱਕ ਐਮੇਚਿਓਰ ਮੁੱਕੇਬਾਜ਼ ਵਜੋਂ 2014 ਵਿੱਚ ਕਾਮਨਵੈਲਥ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। 


Tarsem Singh

Content Editor

Related News