ਸੱਟੇਬਾਜ਼ ਸੰਜੀਵ ਚਾਵਲਾ ਨੂੰ ਭੇਜਿਆ ਗਿਆ ਤਿਹਾੜ ਜੇਲ

02/15/2020 9:26:16 AM

ਸਪੋਰਟਸ ਡੈਸਕ— ਕ੍ਰਿਕਟ ਜਗਤ ਦੇ ਸਭ ਤੋਂ ਵੱਡੇ ਮੈਚ ਫਿਕਸਿੰਗ ਕਾਂਡ ਦੇ ਦੋਸ਼ੀ ਸੰਜੀਵ ਚਾਵਲਾ ਨੂੰ ਹਾਈ ਕੋਰਟ ਨੇ ਨਿਆਂਇਕ ਹਿਰਾਸਤ ਵਿਚ ਜੇਲ ਭੇਜਣ ਦਾ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਉਸ ਨੂੰ 12 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਸੀ। ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਚਾਵਲਾ ਨੂੰ ਲੰਡਨ ਤੋਂ ਲਿਆ ਕੇ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਸੀ ਤੇ ਵੀਰਵਾਰ ਨੂੰ 12 ਦਿਨਾਂ ਦੀ ਰਿਮਾਂਡ 'ਤੇ ਲਿਆ ਸੀ। ਸ਼ੁੱਕਰਵਾਰ ਨੂੰ ਚਾਵਲਾ ਨੇ ਹਾਈ ਕੋਰਟ 'ਚ ਅਰਜ਼ੀ ਦਾਇਰ ਕਰ ਕੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ।

ਚਾਵਲਾ ਦੀ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਯੂ. ਕੇ. (ਯੂਨਾਈਟਿਡ ਕਿੰਗਡਮ) ਸਰਕਾਰ ਨੂੰ ਯਕੀਨ ਦਿੱਤਾ ਸੀ ਕਿ ਉਸ ਨੂੰ ਸਿਰਫ਼ ਕੋਰਟ ਟਰਾਇਲ ਦਾ ਸਾਹਮਣਾ ਕਰਵਾਉਣ ਲਈ ਨਿਆਂਇਕ ਹਿਰਾਸਤ ਵਿਚ ਰੱਖਿਆ ਜਾਵੇਗਾ ਜਦਕਿ ਕ੍ਰਾਈਮ ਬਰਾਂਚ ਨੇ ਉਸ ਨੂੰ ਰਿਮਾਂਡ 'ਤੇ ਲੈ ਲਿਆ। ਕਿਉਂਕਿ ਹਾਈ ਕੋਰਟ ਵਿਚ ਕੇਸ ਦੇ ਜਾਂਚ ਅਧਿਕਾਰੀ ਮੌਜੂਦ ਨਹੀਂ ਸਨ ਲਿਹਾਜ਼ਾ ਜਸਟਿਸ ਅਨੂ ਮਲਹੋਤਰਾ ਨੇ ਚਾਵਲਾ ਨੂੰ ਅਗਲੇ ਹੁਕਮਾਂ ਤਕ ਨਿਆਂਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ। ਨਾਲ ਹੀ ਕੇਂਦਰ ਤੇ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕਰ ਕੇ 19 ਫਰਵਰੀ ਤਕ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ।


Tarsem Singh

Content Editor

Related News