ਟੀ-20 ਵਿਸ਼ਵ ਕੱਪ ’ਚ ਭਾਰਤੀ ਮਹਿਲਾ ਟੀਮ ਨੂੰ ਸਭ ਤੋਂ ਵੱਡੀ ਚੁਣੌਤੀ ਆਸਟ੍ਰੇਲੀਆ ਤੋਂ ਮਿਲੇਗੀ : ਹਰਭਜਨ
Friday, Oct 04, 2024 - 02:07 PM (IST)

ਨਵੀਂ ਦਿੱਲੀ–ਵਿਸ਼ਵ ਕੱਪ ਜੇਤੂ ਭਾਰਤੀ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਮਹਿਲਾ ਟੀ-20 ਵਿਸ਼ਵ ਕੱਪ ’ਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਆਸਟ੍ਰੇਲੀਆ ਅਤੇ ਸ਼੍ਰੀਲੰਕਾ ਵਿਰੁੱਧ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤੀ ਟੀਮ ਵਿਸ਼ਵ ਕੱਪ ’ਚ ਆਪਣਾ ਪਹਿਲਾ ਮੁਕਾਬਲਾ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਖੇਡੇਗੀ। ਭਾਰਤ ਅਤੇ ਨਿਊਜ਼ੀਲੈਂਡ ਤੋਂ ਇਲਾਵਾ ਗਰੁਪ ਏ ’ਚ ਆਸਟ੍ਰੇਲੀਆ, ਸ਼੍ਰੀਲੰਕਾ ਅਤੇ ਪਾਕਿਸਤਾਨ ਦੀਆਂ ਟੀਮਾਂ ਹਨ।
ਹਰਭਜਨ ਨੇ ਕਿਹਾ,‘ਭਾਰਤ ਨੂੰ ਆਸਟ੍ਰੇਲੀਆ ਵਿਰੁੱਧ ਕਾਫੀ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਗਰੁੱਪ ’ਚ ਮੈਨੂੰ ਲੱਗਦਾ ਹੈ ਕਿ ਭਾਰਤ-ਆਸਟ੍ਰੇਲੀਆ ਦਾ ਮੈਚ ਥੋੜ੍ਹਾ ਮੁਸ਼ਕਿਲ ਹੋਵੇਗਾ।’ ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਮਜ਼ਬੂਤ ਟੀਮ ਹੈ। ਇਹ ਮੈਚ ਦੁਬਈ ’ਚ ਉੱਪ ਮਹਾਦੀਪ ਦੀਆਂ ਪਿੱਚਾਂ ’ਤੇ ਖੇਡੇ ਜਾ ਰਹੇ ਹਨ, ਜੋ ਸ਼ਾਇਦ ਭਾਰਤੀ ਟੀਮ ਲਈ ਘਰੇਲੂ ਹਾਲਾਤ ਵਾਂਗ ਅਨੁਕੂਲ ਨਹੀਂ ਹੋਣਗੇ। ਉਂਝ ਆਸਟ੍ਰੇਲੀਆ ਕਿਤੇ ਵੀ ਖੇਡੇ ਉਨ੍ਹਾਂ ਨੂੰ ਹਰਾਉਣਾ ਮੁਸ਼ਕਿਲ ਹੈ।
ਹਰਭਜਨ ਦਾ ਇਹ ਮੰਨਣਾ ਗਲਤ ਵੀ ਨਹੀਂ ਹੈ ਕਿਉਂਕਿ ਆਸਟ੍ਰੇਲੀਆ ਨੇ 32 ਟੀ-20 ਮੈਚਾਂ ’ਚ ਭਾਰਤ ਨੂੰ 23 ਵਾਰ ਹਰਾਇਆ ਹੈ ਜਦਕਿ ਭਾਰਤੀ ਟੀਮ ਸਿਰਫ 7 ਮੈਚ ਹੀ ਜਿੱਤ ਸਕੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਸ਼੍ਰੀਲੰਕਾ ਵਿਰੁੱਧ ਵੀ ਸਾਵਧਾਨ ਰਹਿਣਾ ਪਵੇਗਾ। ਸ਼੍ਰੀਲੰਕਾ ਨੇ ਏਸ਼ੀਆ ਕੱਪ ਦੇ ਫਾਈਨਲ ’ਚ ਭਾਰਤ ਨੂੰ ਹਰਾ ਕੇ ਉਲਟਫੇਰ ਕੀਤਾ ਸੀ।
ਕੌਮਾਂਤਰੀ ਕ੍ਰਿਕਟ ’ਚ 711 ਵਿਕਟਾਂ ਲੈਣ ਵਾਲੇ ਹਰਭਜਨ ਨੇ ਭਾਰਤੀ ਟੀਮ ਨੂੰ ਖੁੱਲ੍ਹ ਕੇ ਖੇਡਣ ਦੇ ਨਾਲ ਇਕ ਵਾਰ ’ਚ ਇਕ ਹੀ ਮੈਚ ’ਤੇ ਧਿਆਨ ਦੇਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ,‘ਤੁਹਾਨੂੰ ਬਿਨ੍ਹਾ ਦਬਾਅ ਆਪਣਾ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ। ਤੁਸੀਂ ਇਕਜੁੱਟ ਹੋ ਕੇ ਖੇਡੋ, ਨਤੀਜਾ ਆਪਣੇ-ਆਪ ਆਏਗਾ।’