ਇੰਪੈਕਟ ਪਲੇਅਰ’ ਨਿਯਮ ਹਟਣ ਤੋਂ ਬਾਅਦ ਵੀ IPL ’ਚ ਵੱਡੇ ਸਕੋਰ ਬਣਦੇ ਰਹਿਣਗੇ : ਪੋਂਟਿੰਗ
Tuesday, May 14, 2024 - 08:15 PM (IST)
ਨਵੀਂ ਦਿੱਲੀ– ਦਿੱਲੀ ਕੈਪੀਟਲਸ ਦੇ ਮੁੱਖ ਕੋਚ ਤੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦਾ ਮੰਨਣਾ ਹੈ ਕਿ ਬਹੁਚਰਚਿਤ ‘ਇੰਪੈਕਟ ਪਲੇਅਰ’ ਨਿਯਮ ਖਤਮ ਹੋਣ ਤੋਂ ਬਾਅਦ ਵੀ ਆਈ. ਪੀ. ਐੱਲ. ਮੁਕਾਬਲਿਆਂ ਵਿਚ ਵੱਡੇ ਸਕੋਰ ਬਣਦੇ ਰਹਿਣਗੇ। ਇੰਪੈਕਟ ਪਲੇਅਰ ਨਿਯਮ ਟੀਮਾਂ ਨੂੰ ਮੈਚ ਦੌਰਾਨ ਕਿਸੇ ਵੀ ਸਮੇਂ ਟਾਸ ਦੌਰਾਨ ਐਲਾਨ ਮੁੱਢਲੀ-11 ਵਿਚੋਂ ਕਿਸੇ ਇਕ ਖਿਡਾਰੀ ਨੂੰ ਬਦਲਣ ਦੀ ਮਨਜ਼ੂਰੀ ਦਿੰਦਾ ਹੈ। ਇਸ ਨੂੰ ਲੈ ਕੇ ਲੋਕਾਂ ਦੇ ਵਿਚਾਰੇ ਵੰਡੇ ਹੋਏ ਹਨ। ਜਿਵੇਂ ਕਿ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਇਸ ਨੂੰ ਆਲਰਾਊਂਡਰਾਂ ਲਈ ਨੁਕਸਾਨਦਾਇਕ ਦੱਸਿਆ ਹੈ ਕਿਉਂਕਿ ਉਨ੍ਹਾਂ ਨੂੰ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਦਾ ਜਦਕਿ ਸੌਰਭ ਗਾਂਗੁਲੀ ਵਰਗੇ ਕੁਝ ਹੋਰ ਇਸ ਨੂੰ ਚੰਗਾ ਦੱਸ ਰਹੇ ਹਨ।
ਤਿੰਨ ਵਾਰ ਆਸਟ੍ਰੇਲੀਆ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਪੋਟਿੰਗ ਨੇ ਇੱਥੇ ਕਿਹਾ,‘‘ਇਸ ਗੱਲ ’ਤੇ ਚਰਚਾ ਚੱਲ ਰਹੀ ਹੈ ਕਿ ਕੀ ਇੰਪੈਕਟ ਪਲੇਅਰ ਨਿਯਮ ਆਈ. ਪੀ. ਐੱਲ. ਵਿਚ ਬਣਿਆ ਰਹੇਗਾ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕੀ ਸਕੋਰ ਫਿਰ ਤੋਂ ਘੱਟ ਬਣਨਗੇ? ਮੈਨੂੰ ਇਹ ਦੇਖਣ ਵਿਚ ਦਿਲਚਸਪੀ ਹੈ।’’
ਉਸ ਨੇ ਕਿਹਾ,‘‘ਹਾਂ, ਇੰਪੈਕਟ ਪਲੇਅਰ ਚੋਟੀ ’ਤੇ ਮੌਜੂਦ ਖਿਡਾਰੀਆਂ ਨੂੰ ਥੋੜ੍ਹੀ ਰਾਹਤ ਪ੍ਰਦਾਨ ਕਰਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਚੋਟੀਕ੍ਰਮ ਦੇ ਬੱਲੇਬਾਜ਼ ਕ੍ਰੀਜ਼ ’ਤੇ ਉਤਰ ਕੇ ਇਕ ਨਿਸ਼ਚਿਤ ਤਰੀਕੇ ਨਾਲ ਖੇਡਣ ਦੇ ਆਦੀ ਹਨ।’’
ਪੋਂਟਿੰਗ ਨੇ ਕਿਹਾ,‘‘ਮੇਰਾ ਮਤਲਬ ਹੈ ਕਿ ਜੈਕ ਫ੍ਰੇਜ਼ਰ ਮੈਕਗੁਰਕ ਨੂੰ ਇਕ ਵੱਖਰੇ ਤਰੀਕੇ ਨਾਲ ਖੇਡਣ ਲਈ ਕਹਿਣ ਦੀ ਕੋਸ਼ਿਸ਼ ਕਰਨਾ ਜਾਂ ਟ੍ਰੈਵਿਸ ਹੈੱਡ ਨੂੰ ਥੋੜ੍ਹਾ ਰੱਖਿਆਤਮਕ ਹੋਣ ਲਈ ਕਹਿਣਾ, ਅਜਿਹਾ ਹੋਣ ਵਾਲਾ ਨਹੀਂ ਹੈ।’’