4,4,4,4,4,4... ਲਗਾਤਾਰ 6 ਚੌਕੇ ਜੜ ਪੰਜਾਬ ਦੇ ਧਾਕੜ ਖਿਡਾਰੀ ਨੇ ਰਚਿਆ ਇਤਿਹਾਸ
Saturday, Apr 25, 2026 - 08:39 PM (IST)
ਸਪੋਰਟਸ ਡੈਸਕ- ਆਈਪੀਐਲ 2026 ਦੇ 35ਵੇਂ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ ਦਿੱਲੀ ਕੈਪੀਟਲਜ਼ ਦੇ ਗੇਂਦਬਾਜ਼ਾਂ ਦੇ ਰੱਜ ਕੇ ਛੱਕੇ ਛੁਡਾਏ। ਦਿੱਲੀ ਵੱਲੋਂ ਦਿੱਤੇ ਗਏ 265 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਪ੍ਰਭਸਿਮਰਨ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਗਾ ਕੇ ਇਤਿਹਾਸਕ ਪਾਰੀ ਖੇਡੀ।
ਇੱਕ ਓਵਰ ਵਿੱਚ 6 ਚੌਕੇ ਜੜ ਕੇ ਰਚਿਆ ਇਤਿਹਾਸ
ਇਸ ਪਾਰੀ ਦੀ ਸਭ ਤੋਂ ਖਾਸ ਗੱਲ ਪਾਰੀ ਦਾ 6ਵਾਂ ਓਵਰ ਰਿਹਾ। ਪ੍ਰਭਸਿਮਰਨ ਸਿੰਘ ਨੇ ਦਿੱਲੀ ਦੇ ਗੇਂਦਬਾਜ਼ ਮੁਕੇਸ਼ ਕੁਮਾਰ ਦੇ ਇੱਕੋ ਓਵਰ ਦੀਆਂ ਸਾਰੀਆਂ 6 ਗੇਂਦਾਂ 'ਤੇ ਲਗਾਤਾਰ 6 ਚੌਕੇ ਜੜੇ। ਇਸ ਦੇ ਨਾਲ ਹੀ ਉਹ ਆਈਪੀਐਲ ਇਤਿਹਾਸ ਵਿੱਚ ਇਹ ਕਾਰਨਾਮਾ ਕਰਨ ਵਾਲੇ ਤੀਜੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਸਾਲ 2012 ਵਿੱਚ ਅਜਿੰਕਿਆ ਰਹਾਣੇ ਅਤੇ 2021 ਵਿੱਚ ਪ੍ਰਿਥਵੀ ਸ਼ਾਅ ਨੇ ਇੱਕ ਓਵਰ ਵਿੱਚ 6 ਚੌਕੇ ਲਗਾਉਣ ਦਾ ਕਾਰਨਾਮਾ ਕੀਤਾ ਸੀ। ਉਨ੍ਹਾਂ ਨੇ ਮੁਕੇਸ਼ ਕੁਮਾਰ ਦੇ ਇਸ ਓਵਰ ਵਿੱਚ ਕੁੱਲ 24 ਦੌੜਾਂ ਬਟੋਰੀਆਂ।
ਪ੍ਰਭਸਿਮਰਨ ਸਿੰਘ ਨੇ ਆਪਣੀ ਇਸ ਪਾਰੀ ਦੌਰਾਨ ਮਹਿਜ਼ 18 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕਰ ਲਿਆ। ਉਨ੍ਹਾਂ ਨੇ ਕੁੱਲ 26 ਗੇਂਦਾਂ ਦਾ ਸਾਹਮਣਾ ਕਰਦੇ ਹੋਏ 292.30 ਦੀ ਸਟ੍ਰਾਈਕ ਰੇਟ ਨਾਲ 76 ਦੌੜਾਂ ਬਣਾਈਆਂ, ਜਿਸ ਵਿੱਚ 9 ਚੌਕੇ ਅਤੇ 5 ਛੱਕੇ ਸ਼ਾਮਲ ਸਨ।
ਪ੍ਰਭਸਿਮਰਨ ਨੇ ਪਾਵਰਪਲੇਅ ਦੇ ਦੌਰਾਨ 23 ਗੇਂਦਾਂ ਵਿੱਚ 71 ਦੌੜਾਂ ਬਣਾਈਆਂ, ਜੋ ਆਈਪੀਐਲ ਦੇ ਪਾਵਰਪਲੇਅ ਇਤਿਹਾਸ ਵਿੱਚ ਬਣਾਇਆ ਗਿਆ 5ਵਾਂ ਸਭ ਤੋਂ ਵੱਡਾ ਸਕੋਰ ਹੈ। ਇਸ ਸੀਜ਼ਨ ਵਿੱਚ ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ ਅਤੇ ਉਹ 7 ਮੈਚਾਂ ਦੀਆਂ 6 ਪਾਰੀਆਂ ਵਿੱਚ ਹੁਣ ਤੱਕ 287 ਦੌੜਾਂ ਬਣਾ ਚੁੱਕੇ ਹਨ।
