IPL 2026: ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ; ਮੈਚ ਵਿਨਰ ਵਿਦੇਸ਼ੀ ਖਿਡਾਰੀ ਆਪਣੇ ਵਤਨ ਪਰਤਿਆ
Wednesday, Apr 22, 2026 - 05:58 PM (IST)
ਸਪੋਰਟਸ ਡੈਸਕ : ਆਈ.ਪੀ.ਐੱਲ. 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਪੰਜਾਬ ਕਿੰਗਜ਼ (PBKS) ਦੀ ਟੀਮ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਟੀਮ ਦੇ ਸਟਾਰ ਆਲਰਾਊਂਡਰ ਕੂਪਰ ਕੋਨੋਲੀ (Cooper Connolly) ਵਿਚਾਲੇ ਸੀਜ਼ਨ ਵਿੱਚ ਹੀ ਅਚਾਨਕ ਆਸਟ੍ਰੇਲੀਆ ਵਾਪਸ ਪਰਤ ਗਏ ਹਨ। ਕੋਨੋਲੀ ਦੀ ਗੈਰ-ਹਾਜ਼ਰੀ ਪੰਜਾਬ ਦੀ ਟੀਮ ਲਈ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ ਕਿਉਂਕਿ ਉਹ ਇਸ ਸੀਜ਼ਨ ਵਿੱਚ ਬਿਹਤਰੀਨ ਫਾਰਮ ਵਿੱਚ ਸਨ। ਜ਼ਿਕਰਯੋਗ ਹੈ ਕਿ 22 ਸਾਲਾ ਖਿਡਾਰੀ ਪਿੱਠ ਦੀ ਸੱਟ ਨਾਲ ਜੂਝ ਰਿਹਾ ਹੈ ਤੇ ਇਸੇ ਵਜ੍ਹਾ ਨਾਲ ਉਸ ਨੂੰ ਫਿਟਨੈੱਸ ਜਾਂਚ ਲਈ ਵਾਪਸ ਜਾਣਾ ਪਿਆ ਹੈ।
ਬੱਲੇ ਨਾਲ ਮਚਾਇਆ ਸੀ ਤਹਿਲਕਾ
ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਪੰਜਾਬ ਕਿੰਗਜ਼ ਲਈ ਕੋਨੋਲੀ ਇਸ ਸੀਜ਼ਨ ਦੇ ਸਭ ਤੋਂ ਵੱਡੇ ਮੈਚ ਵਿਨਰ ਬਣ ਕੇ ਉੱਭਰੇ ਸਨ। ਉਨ੍ਹਾਂ ਨੇ ਕਈ ਅਹਿਮ ਪਾਰੀਆਂ ਖੇਡ ਕੇ ਟੀਮ ਨੂੰ ਜਿੱਤ ਦਿਵਾਈ, ਜਿਸ ਵਿੱਚ ਗੁਜਰਾਤ ਟਾਈਟਨਸ ਵਿਰੁੱਧ ਨਾਬਾਦ 72 ਦੌੜਾਂ ਅਤੇ ਲਖਨਊ ਸੁਪਰ ਜਾਇੰਟਸ (LSG) ਵਿਰੁੱਧ 87 ਦੌੜਾਂ ਦੀ ਤੇਜ਼-ਤਰਾਰ ਪਾਰੀ ਸ਼ਾਮਲ ਹੈ। ਉਨ੍ਹਾਂ ਦੀ ਹਮਲਾਵਰ ਬੱਲੇਬਾਜ਼ੀ ਨੇ ਟੀਮ ਨੂੰ ਅੰਕ ਸੂਚੀ ਵਿੱਚ ਮਜ਼ਬੂਤ ਸਥਿਤੀ ਵਿੱਚ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਪੰਜਾਬ ਦੀ ਫਾਰਮ 'ਤੇ ਪੈ ਸਕਦਾ ਹੈ ਅਸਰ
ਪੰਜਾਬ ਕਿੰਗਜ਼ ਨੇ ਇਸ ਸੀਜ਼ਨ ਵਿੱਚ ਹੁਣ ਤੱਕ ਬਹੁਤ ਪ੍ਰਭਾਵਸ਼ਾਲੀ ਖੇਡ ਦਿਖਾਈ ਹੈ ਅਤੇ 6 ਵਿੱਚੋਂ 5 ਮੁਕਾਬਲੇ ਜਿੱਤ ਕੇ ਅੰਕ ਸੂਚੀ ਵਿੱਚ ਸਿਖਰ (ਟਾਪ) 'ਤੇ ਬਣੀ ਹੋਈ ਹੈ। ਅਜਿਹੇ ਸਮੇਂ ਵਿੱਚ ਇੱਕ ਇਨ-ਫਾਰਮ ਖਿਡਾਰੀ ਦਾ ਬਾਹਰ ਹੋਣਾ ਟੀਮ ਦੇ ਸੰਤੁਲਨ ਨੂੰ ਵਿਗਾੜ ਸਕਦਾ ਹੈ।
ਵਾਪਸੀ 'ਤੇ ਬਣਿਆ ਸਸਪੈਂਸ
ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਕੋਨੋਲੀ 25 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਵਿਰੁੱਧ ਹੋਣ ਵਾਲੇ ਅਗਲੇ ਮੈਚ ਤੋਂ ਪਹਿਲਾਂ ਟੀਮ ਨਾਲ ਜੁੜ ਸਕਣਗੇ ਜਾਂ ਨਹੀਂ। ਉਨ੍ਹਾਂ ਦੀ ਵਾਪਸੀ ਬਾਰੇ ਅੰਤਿਮ ਫੈਸਲਾ ਕ੍ਰਿਕਟ ਆਸਟ੍ਰੇਲੀਆ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਲਿਆ ਜਾਵੇਗਾ।
