CSK ''ਚ ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ ਦੇ ਭਵਿੱਖ ਨੂੰ ਲੈ ਕੇ ਸਾਹਮਣੇ ਆਈ ਵੱਡੀ ਖ਼ਬਰ
Wednesday, Oct 21, 2020 - 08:20 PM (IST)
ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2020 'ਚ ਚੇਨਈ ਸੁਪਰ ਕਿੰਗਜ਼ ਦਾ ਹੁਣ ਤੱਕ ਦਾ ਸਫਰ ਕਾਫ਼ੀ ਨਿਰਾਸ਼ਾਜਨਕ ਰਿਹਾ ਹੈ ਅਤੇ ਟੀਮ ਲੱਗਭੱਗ ਪਲੇਆਫ ਤੋਂ ਬਾਹਰ ਹੁੰਦੀ ਨਜ਼ਰ ਆ ਰਹੀ ਹੈ। ਚੇਨਈ ਨੇ ਵੀ ਹੁਣ ਤੱਕ 10 'ਚੋਂ ਸਿਰਫ 3 ਮੈਚ ਜਿੱਤੇ ਹਨ ਅਤੇ 6 ਅੰਕਾਂ ਨਾਲ ਆਖ਼ਰੀ ਸਥਾਨ 'ਤੇ ਕਾਬਜ਼ ਹੈ। ਸੀ.ਐੱਸ.ਕੇ. ਦੀ ਹਾਰ ਦਾ ਇੱਕ ਕਾਰਨ ਇਸ ਵਾਰ ਸੁਰੇਸ਼ ਰੈਨਾ ਅਤੇ ਸਪਿਨਰ ਹਰਭਜਨ ਸਿੰਘ ਦਾ ਟੀਮ 'ਚ ਨਾ ਹੋਣਾ ਹੈ। ਹੁਣ ਸੀ.ਐੱਸ.ਕੇ. ਦੇ ਸੀ.ਈ.ਓ. ਨੇ ਰੈਨਾ ਅਤੇ ਹਰਭਜਨ ਦੇ ਟੀਮ 'ਚ ਬਣੇ ਰਹਿਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਸੀ.ਐੱਸ.ਕੇ. ਦੇ ਸੀ.ਈ.ਓ. ਕਾਸ਼ੀ ਵਿਸ਼ਵਨਾਥਨ ਨੇ ਸੀ.ਐੱਸ.ਕੇ. 'ਚ ਰੈਨਾ ਅਤੇ ਹਰਭਜਨ ਦੇ ਭਵਿੱਖ 'ਤੇ ਗੱਲ ਕਰਦੇ ਹੋਏ ਕਿਹਾ, ਇਸ ਵਿਚ ਕੋਈ ਸ਼ੱਕ ਨਹੀਂ ਕਿ ਰੈਨਾ ਅਤੇ ਹਰਭਜਨ ਦੋਵੇਂ ਸੀ.ਐੱਸ.ਕੇ. ਟੀਮ ਦੇ ਮਹੱਤਵਪੂਰਣ ਖਿਡਾਰੀ ਹਨ ਅਤੇ ਅਸੀਂ ਉਨ੍ਹਾਂ ਨੂੰ ਬਹੁਤ ਯਾਦ ਕਰ ਰਹੇ ਹਾਂ ਪਰ ਤੁਹਾਨੂੰ ਵਿਅਕਤੀਗਤ ਫੈਸਲਿਆਂ ਦਾ ਸਨਮਾਨ ਕਰਨਾ ਹੋਵੇਗਾ ਅਤੇ ਭਾਵੇ ਉਹ ਕੋਈ ਸੀਨੀਅਰ ਜਾਂ ਜੂਨੀਅਰ ਖਿਡਾਰੀ ਹੀ ਕਿਉਂ ਨਾ ਹੋਵੇ।
ਜ਼ਿਕਰਯੋਗ ਹੈ ਕਿ ਸੀ.ਐੱਸ.ਕੇ. 'ਚ 13 ਮੈਬਰਾਂ ਦੇ ਕੋਵਿਡ 19 ਪਾਜ਼ੇਟਿਵ ਆਉਣ ਤੋਂ ਬਾਅਦ ਸੁਰੇਸ਼ ਰੈਨਾ ਵਾਪਸ ਦਿੱਲੀ ਆ ਗਏ ਸਨ। ਹਾਲਾਂਕਿ ਉਨ੍ਹਾਂ ਨੇ ਵਾਪਸ ਆਉਣ ਨੂੰ ਲੈ ਕੇ ਕਦੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਪਰ ਇਸ ਫੈਸਲੇ ਨੂੰ ਨਿੱਜੀ ਕਾਰਨ ਦੱਸਿਆ ਸੀ। ਉਥੇ ਹੀ ਰੈਨਾ ਦੇ ਆਈ.ਪੀ.ਐੱਲ. 2020 ਤੋਂ ਹਟਣ ਤੋਂ ਬਾਅਦ ਹਰਭਜਨ ਨੇ ਵੀ ਨਿੱਜੀ ਕਾਰਣਾਂ ਦਾ ਹਵਾਲਾ ਦੇ ਕੇ ਟੀਮ ਤੋਂ ਕਿਨਾਰਾ ਕਰ ਲਿਆ ਸੀ।