ਚੈਂਪੀਅਨਜ਼ ਲੀਗ ''ਚ ਰੀਅਲ ਮੈਡਰਿਡ ਤੇ ਮਾਨਚੈਸਟਰ ਸਿਟੀ ਦੀ ਵੱਡੀ ਹਾਰ
Wednesday, Nov 06, 2024 - 12:23 PM (IST)
ਮਿਲਾਨ : ਯੂਰਪ ਦੀਆਂ ਚੋਟੀ ਦੀਆਂ ਟੀਮਾਂ ਰੀਅਲ ਮੈਡਰਿਡ ਅਤੇ ਮਾਨਚੈਸਟਰ ਸਿਟੀ ਦੋਵਾਂ ਨੂੰ ਚੈਂਪੀਅਨਜ਼ ਲੀਗ ਫੁੱਟਬਾਲ ਮੁਕਾਬਲੇ 'ਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਮੌਜੂਦਾ ਚੈਂਪੀਅਨ ਰੀਅਲ ਮੈਡਰਿਡ ਨੂੰ ਏਸੀ ਮਿਲਾਨ ਨੇ ਘਰੇਲੂ ਮੈਦਾਨ 'ਤੇ 3-1 ਨਾਲ ਹਰਾਇਆ, ਜਦੋਂ ਕਿ ਏਰਲਿੰਗ ਹਾਲੈਂਡ ਦੀ ਪੈਨਲਟੀ ਮਿਸ ਮੈਨਚੈਸਟਰ ਸਿਟੀ ਲਈ ਮਹਿੰਗੀ ਸਾਬਤ ਹੋਈ ਕਿਉਂਕਿ ਉਸ ਨੂੰ ਪੁਰਤਗਾਲੀ ਟੀਮ ਸਪੋਰਟਿੰਗ ਲਿਸਬਨ ਤੋਂ ਚੌਥੇ ਮਿੰਟ 'ਚ ਲੀਡ ਲੈਣ ਦੇ ਬਾਵਜੂਦ 4-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲਿਵਰਪੂਲ ਲਈ ਇਹ ਬਹੁਤ ਵਧੀਆ ਦਿਨ ਸੀ ਕਿਉਂਕਿ ਲੁਈਸ ਡਿਆਜ਼ ਨੇ ਹੈਟ੍ਰਿਕ ਬਣਾਈ ਅਤੇ ਕੋਡੀ ਗਾਕਪੋ ਨੇ ਐਨਫੀਲਡ ਵਿੱਚ ਜਰਮਨ ਚੈਂਪੀਅਨ ਬੇਅਰ ਲੀਵਰਕੁਸੇਨ ਨੂੰ 4-0 ਨਾਲ ਹਰਾਇਆ। ਲਿਵਰਪੂਲ ਚਾਰ ਮੈਚਾਂ ਵਿੱਚ ਚਾਰ ਜਿੱਤਾਂ ਦੇ ਨਾਲ ਲੀਗ ਪੜਾਅ ਵਿੱਚ ਸਿਖਰ ’ਤੇ ਪਹੁੰਚ ਗਿਆ ਹੈ।
ਉਨ੍ਹਾਂ ਤੋਂ ਬਾਅਦ ਸਪੋਰਟਿੰਗ ਅਤੇ ਮੋਨਾਕੋ ਹਨ ਜਿਨ੍ਹਾਂ ਦੇ ਤਿੰਨ ਜਿੱਤਾਂ ਅਤੇ ਇੱਕ ਡਰਾਅ ਤੋਂ ਬਾਅਦ ਇੱਕੋ ਜਿਹੇ 10 ਅੰਕ ਹਨ। ਫਿਲ ਫੋਡੇਨ ਨੇ ਚੌਥੇ ਮਿੰਟ 'ਚ ਗੋਲ ਕਰਕੇ ਮੈਨਚੈਸਟਰ ਸਿਟੀ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ, ਪਰ ਸਪੋਰਟਿੰਗ ਨੇ ਸਵੀਡਨ ਦੇ ਸਟ੍ਰਾਈਕਰ ਵਿਕਟਰ ਗਾਈਕਰਸ ਦੀ ਹੈਟ੍ਰਿਕ ਦੀ ਮਦਦ ਨਾਲ ਜ਼ਬਰਦਸਤ ਵਾਪਸੀ ਕੀਤੀ। ਉਸ ਦੀ ਟੀਮ ਲਈ ਇਕ ਹੋਰ ਗੋਲ ਮੈਕਸਿਮਿਲੀਆਨੋ ਅਰਾਉਜੋ ਨੇ ਕੀਤਾ। ਮੈਨਚੈਸਟਰ ਸਿਟੀ ਨੂੰ ਵਾਪਸੀ ਦਾ ਮੌਕਾ ਮਿਲਿਆ ਪਰ ਹਾਲੈਂਡ ਦਾ ਪੈਨਲਟੀ ਸ਼ਾਟ ਕਰਾਸਬਾਰ 'ਤੇ ਲੱਗਾ। ਪੰਦਰਾਂ ਵਾਰ ਦੇ ਚੈਂਪੀਅਨ ਰੀਅਲ ਮੈਡਰਿਡ ਦਾ ਚੈਂਪੀਅਨਜ਼ ਲੀਗ ਵਿੱਚ ਖ਼ਰਾਬ ਪ੍ਰਦਰਸ਼ਨ ਜਾਰੀ ਰਿਹਾ। ਉਹ ਆਪਣੇ ਦੂਜੇ ਮੈਚ ਵਿੱਚ ਲਿਲੀ ਤੋਂ ਹਾਰ ਗਿਆ ਸੀ। ਮਲਿਕ ਥਿਆਵ ਨੇ 12ਵੇਂ ਮਿੰਟ ਵਿੱਚ ਮਿਲਾਨ ਨੂੰ ਬੜ੍ਹਤ ਦਿਵਾਈ। ਵਿਨੀਸੀਅਸ ਜੂਨੀਅਰ ਨੇ 23ਵੇਂ ਮਿੰਟ 'ਚ ਪੈਨਲਟੀ 'ਤੇ ਬਰਾਬਰੀ ਵਾਲਾ ਗੋਲ ਕੀਤਾ। ਇਸ ਤੋਂ ਬਾਅਦ ਮਿਲਾਨ ਲਈ ਅਲਵਾਰੋ ਮੋਰਾਟਾ ਅਤੇ ਤਿਜਾਨੀ ਰਿਜੈਂਡਰਸ ਨੇ ਗੋਲ ਕੀਤੇ। ਹੋਰ ਮੈਚਾਂ ਵਿੱਚ, ਜਰਮਨ ਫਾਰਵਰਡ ਨਿਕੋਲਸ ਕੁਹਨ ਨੇ ਦੋ ਵਾਰ ਗੋਲ ਕੀਤੇ ਜਦਿਕ ਸੇਲਟਿਕ ਨੇ ਲੀਪਜ਼ਿਗ ਨੂੰ ਘਰੇਲੂ ਮੈਦਾਨ ਵਿੱਚ 3-1 ਨਾਲ ਹਰਾਇਆ, ਜਦੋਂ ਕਿ ਜੁਵੈਂਟਸ ਨੇ ਲਿਲੀ ਨਾਲ 1-1 ਨਾਲ ਡਰਾਅ ਖੇਡਿਆ।