IND vs NZ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ; ਸਟਾਰ ਕ੍ਰਿਕਟਰ ਹੋਇਆ ਜ਼ਖ਼ਮੀ
Thursday, Jan 08, 2026 - 12:08 PM (IST)
ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ 11 ਜਨਵਰੀ ਤੋਂ ਨਿਊਜ਼ੀਲੈਂਡ ਵਿਰੁੱਧ ਘਰੇਲੂ ਮੈਦਾਨਾਂ 'ਤੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣ ਜਾ ਰਹੀ ਹੈ, ਜਿਸ ਤੋਂ ਬਾਅਦ 21 ਜਨਵਰੀ ਤੋਂ ਪੰਜ ਟੀ-20 ਮੈਚਾਂ ਦੀ ਲੜੀ ਸ਼ੁਰੂ ਹੋਵੇਗੀ। ਇਹ ਸੀਰੀਜ਼ 7 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਆਗਾਮੀ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਨਜ਼ਰੀਏ ਤੋਂ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਹਾਲਾਂਕਿ, ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਦੀਆਂ ਚਿੰਤਾਵਾਂ ਵਧ ਗਈਆਂ ਹਨ ਕਿਉਂਕਿ ਇੱਕ ਸਟਾਰ ਖਿਡਾਰੀ ਦੇ ਅਨਫਿਟ ਹੋਣ ਦੀ ਖਬਰ ਸਾਹਮਣੇ ਆਈ ਹੈ।
ਰਿਪੋਰਟਾਂ ਅਨੁਸਾਰ ਸ਼ਾਨਦਾਰ ਫਾਰਮ ਵਿੱਚ ਚੱਲ ਰਹੇ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਪੇਟ (Abdomen) ਦੀ ਸੱਟ ਨਾਲ ਜੂਝ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸਰਜਰੀ ਕਰਵਾਉਣੀ ਪੈ ਸਕਦੀ ਹੈ। ਇਸ ਸੱਟ ਬਾਰੇ ਉਨ੍ਹਾਂ ਨੂੰ ਰਾਜਕੋਟ ਵਿੱਚ ਵਿਜੇ ਹਜ਼ਾਰੇ ਟਰਾਫੀ ਦਾ ਮੁਕਾਬਲਾ ਖੇਡਣ ਦੌਰਾਨ ਪਤਾ ਲੱਗਿਆ। ਬੀਸੀਸੀਆਈ ਦੇ ਸੈਂਟਰ ਆਫ ਐਕਸੀਲੈਂਸ ਦੇ ਡਾਕਟਰਾਂ ਨੇ ਉਨ੍ਹਾਂ ਨੂੰ 3 ਤੋਂ 4 ਹਫ਼ਤਿਆਂ ਦੇ ਆਰਾਮ ਅਤੇ ਇਲਾਜ ਦੀ ਸਲਾਹ ਦਿੱਤੀ ਹੈ। ਹਾਲਾਂਕਿ ਤਿਲਕ ਵਰਮਾ ਨਿਊਜ਼ੀਲੈਂਡ ਵਿਰੁੱਧ ਸੀਰੀਜ਼ ਤੋਂ ਬਾਹਰ ਰਹਿ ਸਕਦੇ ਹਨ, ਪਰ ਉਮੀਦ ਜਤਾਈ ਜਾ ਰਹੀ ਹੈ ਕਿ ਉਹ ਵਿਸ਼ਵ ਕੱਪ 2026 ਦੇ ਸ਼ੁਰੂ ਹੋਣ ਤੱਕ ਪੂਰੀ ਤਰ੍ਹਾਂ ਫਿੱਟ ਹੋ ਜਾਣਗੇ।
ਦੂਜੇ ਪਾਸੇ, ਭਾਰਤੀ ਪ੍ਰਸ਼ੰਸਕਾਂ ਲਈ ਇੱਕ ਰਾਹਤ ਭਰੀ ਖਬਰ ਇਹ ਹੈ ਕਿ ਸ਼੍ਰੇਅਸ ਅਈਅਰ ਨੂੰ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਪੂਰੀ ਤਰ੍ਹਾਂ ਮੈਚ ਫਿੱਟ ਘੋਸ਼ਿਤ ਕਰ ਦਿੱਤਾ ਹੈ। ਅਈਅਰ ਹੁਣ ਨਿਊਜ਼ੀਲੈਂਡ ਖਿਲਾਫ ਹੋਣ ਵਾਲੀ ਵਨਡੇ ਸੀਰੀਜ਼ ਲਈ ਉਪਲਬਧ ਹੋਣਗੇ। ਕੌਮੀ ਟੀਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਉਹ ਵਿਜੇ ਹਜ਼ਾਰੇ ਟਰਾਫੀ ਵਿੱਚ ਮੁੰਬਈ ਵੱਲੋਂ ਹਿਮਾਚਲ ਪ੍ਰਦੇਸ਼ ਵਿਰੁੱਧ ਆਪਣਾ ਆਖਰੀ ਲੀਗ ਮੈਚ ਖੇਡ ਕੇ ਆਪਣੀ ਲੈਅ ਪਰਖਣਗੇ।
