ਬਿਆਂਕਾ ਨੇ ਲਗਾਤਾਰ 14ਵੀਂ ਜਿੱਤ ਦਰਜ ਕੀਤੀ, ਹਾਲੇਪ ਬਾਹਰ
Monday, Sep 30, 2019 - 10:13 PM (IST)

ਬੀਜਿੰਗ— ਯੂ. ਐੱਸ. ਓਪਨ ਜੇਤੂ ਬਿਆਂਕਾ ਆਂਦ੍ਰਿਸਕੂ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਸੋਮਵਾਰ ਚੀਨ ਓਪਨ ਦੇ ਪਹਿਲੇ ਦੌਰ 'ਚ ਬੇਲਾਰੂਸ ਦੀ ਅਲੈਕਸਾਂਦ੍ਰਾ ਸਾਸਨੋਵਿਚ ਨੂੰ ਹਰਾ ਕੇ ਲਗਾਤਾਰ 14ਵੀਂ ਜਿੱਤ ਦਰਜ ਕੀਤੀ। ਕੈਨੇਡਾ ਦੀ 19 ਸਾਲਾ ਖਿਡਾਰਨ ਨੇ ਸਾਸਨੋਵਿਚ ਨੂੰ 6-2, 2-6, 6-1 ਨਾਲ ਹਰਾਇਆ। ਵਿੰਬਲਡਨ ਚੈਂਪੀਅਨ ਸਿਮੋਨਾ ਹਾਲੇਪ ਨੂੰ ਹਾਲਾਂਕਿ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ। ਰੂਸ ਦੀ ਏਕਾਤੇਰਿਨਾ ਅਲੈਂਗਜ਼ੈਂਡ੍ਰੋਵਾ ਨੇ ਰੋਮਾਨੀਆ ਦੀ ਪੰਜਵੀਂ ਰੈਂਕਿੰਗ ਦੀ ਖਿਡਾਰਨ ਨੂੰ 64 ਮਿੰਟ ਤਕ ਚੱਲੇ ਮੁਕਾਬਲੇ 'ਚ 6-2, 6-3 ਨਾਲ ਹਰਾਇਆ।
ਮੈਚ ਦੌਰਾਨ 28 ਸਾਲਾ ਹਾਲੇਪ ਪਿੱਠ ਦਰਦ ਨਾਲ ਜੂਝਦੀ ਦਿਸੀ। ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਪਿੱਠ ਦਰਦ ਕਾਰਣ ਵੁਹਾਨ 'ਚ ਪ੍ਰਤੀਯੋਗਿਤਾ ਦੇ ਤੀਜੇ ਦੌਰ 'ਚੋਂ ਬਾਹਰ ਹੋ ਗਈ ਸੀ।