ਕਰਨਾਟਕ ਨੂੰ ਹਰਾ ਕੇ ਬੰਗਾਲ 13 ਸਾਲ ਬਾਅਦ ਫਾਈਨਲ ''ਚ

Wednesday, Mar 04, 2020 - 02:10 AM (IST)

ਕਰਨਾਟਕ ਨੂੰ ਹਰਾ ਕੇ ਬੰਗਾਲ 13 ਸਾਲ ਬਾਅਦ ਫਾਈਨਲ ''ਚ

ਕੋਲਕਾਤਾ- ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ (61 ਦੌੜਾਂ 'ਤੇ 6 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ ਬੰਗਾਲ ਨੇ ਕਰਨਾਟਕ ਨੂੰ ਰਣਜੀ ਟਰਾਫੀ ਸੈਮੀਫਾਈਨਲ ਦੇ ਚੌਥੇ ਹੀ ਦਿਨ ਮੰਗਲਵਾਰ ਨੂੰ 174 ਦੌੜਾਂ ਨਾਲ ਹਰਾ ਕੇ 13 ਸਾਲਾਂ ਬਾਅਦ ਫਾਈਨਲ ਵਿਚ ਜਗ੍ਹਾ ਬਣਾ ਲਈ। ਬੰਗਾਲ ਨੇ ਦੂਜੀ ਪਾਰੀ ਵਿਚ 161 ਦੌੜਾਂ 'ਤੇ ਢੇਰ ਹੋਣ ਤੋਂ ਬਾਅਦ ਕਰਨਾਟਕ ਨੂੰ 351 ਦੌੜਾਂ ਦਾ ਮਜ਼ਬੂਤ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ਵਿਚ ਕਰਨਾਟਕ ਦੀ ਟੀਮ 55.3 ਓਵਰਾਂ ਵਿਚ 177 ਦੌੜਾਂ ਹੀ ਬਣਾ ਸਕੀ। ਬੰਗਾਲ ਨੇ ਆਖਰੀ ਵਾਰ 2006-07 ਵਿਚ ਰਣਜੀ ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ, ਜਿੱਥੇ ਉਸ ਨੂੰ ਮੁੰਬਈ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਤੋਂ ਪਹਿਲਾਂ ਕਰਨਾਟਕ ਵਲੋਂ ਦੇਵਦੱਤ ਪੱਡੀਡਕਲ (50) ਤੇ ਮਨੀਸ਼ ਪਾਂਡੇ (11 ਦੌੜਾਂ) ਨੇ ਆਪਣੀ ਪਾਰੀ ਨੂੰ ਅੱਗੇ ਵਧਾਇਆ ਪਰ ਮਨੀਸ਼ ਇਕ ਦੌੜ ਜੋੜ ਕੇ 12 ਦੇ ਸਕੋਰ 'ਤੇ ਆਊਟ ਹੋ ਗਿਆ। ਕਰਨਾਟਕ ਦੀ ਪਾਰੀ ਵਿਚ ਪੱਡੀਡਕਲ ਨੇ 129 ਗੇਂਦਾਂ ਵਿਚ 7 ਚੌਕਿਆਂ ਦੀ ਮਦਦ ਨਾਲ ਸਭ ਤੋਂ ਵੱਧ 62 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਕਰਨਾਟਕ ਦਾ ਕੋਈ ਵੀ ਬੱਲੇਬਾਜ਼ ਚਮਤਕਾਰ ਨਹੀਂ ਕਰ ਸਕਿਆ, ਲਿਹਾਜ਼ਾ ਸਾਬਕਾ ਚੈਂਪੀਅਨ ਕਰਨਾਟਕ ਨੂੰ ਮੇਜ਼ਬਾਨ ਬੰਗਾਲ ਹੱਥੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਬੰਗਾਲ ਵਲੋਂ ਮੁਕੇਸ਼ ਨੇ 61 ਦੌੜਾਂ 'ਤੇ 6 ਵਿਕਟਾਂ ਲਈਆਂ, ਜਦਕਿ ਇਸ਼ਾਨ ਪੋਰੇਲ ਨੇ 58 ਤੇ ਆਕਾਸ਼ ਦੀਪ ਨੇ 44 ਦੌੜਾਂ ਦੇ ਕੇ 2-2 ਵਿਕਟਾਂ ਲਈਆਂ। ਬੰਗਾਲ ਦਾ ਫਾਈਨਲ ਵਿਚ ਮੁਕਾਬਲਾ ਸੌਰਾਸ਼ਟਰ ਤੇ ਗੁਜਰਾਤ ਵਿਚਾਲੇ ਇਕ ਹੋਰ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ।

 

author

Gurdeep Singh

Content Editor

Related News