ਫਾਈਨਲ ਤੋਂ ਪਹਿਲਾਂ ਕਾਰੂਆਨਾ ਨੇ ਫਿਰ ਬਣਾਈ ਬੜ੍ਹਤ

03/27/2018 11:05:16 PM

ਬਰਲਿਨ (ਜਰਮਨੀ)— ਵਿਸ਼ਵ ਦੇ 8 ਚੋਣਵੇਂ ਖਿਡਾਰੀਆਂ ਵਿਚਾਲੇ ਖੇਡੇ ਜਾਣ ਵਾਲੇ ਫਿਡੇ ਕੈਂਡੀਡੇਟ ਸ਼ਤਰੰਜ-2018 'ਚ ਫਾਈਨਲ ਰਾਊਂਡ ਤੋਂ ਪਹਿਲਾਂ ਪਿਛਲੇ ਰਾਊਂਡ ਵਿਚ ਹਾਰ ਤੋਂ ਬਾਅਦ ਵਾਪਸੀ ਕਰਦਿਆਂ ਅਮਰੀਕਨ ਗ੍ਰੈਂਡ ਮਾਸਟਰ ਫੇਬਿਆਨੋ ਕਾਰੂਆਨਾ ਨੇ ਵਿਸ਼ਵ ਕੱਪ ਜੇਤੂ ਲੇਵਾਨ ਅਰੋਨੀਅਨ 'ਤੇ ਸ਼ਾਨਦਾਰ ਜਿੱਤ ਨਾਲ 8 ਅੰਕ ਬਣਾਉਂਦਿਆਂ ਇਕ ਵਾਰ ਫਿਰ ਬੜ੍ਹਤ ਹਾਸਲ ਕਰ ਲਈ ਹੈ। ਜੇਕਰ ਉਹ ਆਪਣੀ ਬੜ੍ਹਤ ਨੂੰ ਇਕ ਰਾਊਂਡ ਹੋਰ ਬਰਕਰਾਰ ਰੱਖ ਸਕਿਆ ਤਾਂ ਉਹ ਜੇਤੂ ਬਣ ਸਕੇਗਾ। ਉਸ ਦਾ ਮੁਕਾਬਲਾ ਹੁਣ ਰੂਸ ਦੇ ਅਲੈਕਜ਼ੈਂਡਰ ਗ੍ਰੀਸ਼ਚੁਕ ਨਾਲ ਹੈ।
ਉਸ ਤੋਂ ਠੀਕ ਪਿੱਛੇ 7.5 ਅੰਕਾਂ 'ਤੇ ਰੂਸ ਦਾ ਸਾਬਕਾ ਕੈਂਡੀਡੇਟ ਜੇਤੂ ਸੇਰਗੀ ਕਾਰਯਾਕਿਨ ਹੈ, ਜਿਸ ਨੇ ਅਮਰੀਕੀ ਗ੍ਰੈਂਡ ਮਾਸਟਰ ਵੇਸਲੀ ਸੋ ਨਾਲ ਡਰਾਅ ਖੇਡਿਆ ਤੇ ਆਪਣੀ ਸਿੰਗਲ ਬੜ੍ਹਤ ਗੁਆ ਦਿੱਤੀ। ਹੁਣ ਉਸ ਨੂੰ ਜਿੱਤ ਦੇ ਨਾਲ-ਨਾਲ ਕਾਰੂਆਨਾ ਦੀ ਹਾਰ ਜਾਂ ਉਸ ਦੇ ਘੱਟ ਤੋਂ ਘੱਟ ਡਰਾਅ ਦੀ ਉਮੀਦ ਰੱਖਣੀ ਪਵੇਗੀ। ਪਿਛਲੇ ਰਾਊਂਡ 'ਚ ਡੀਂਗ ਲੀਰੇਨ ਤੋਂ ਸੌ ਫੀਸਦੀ ਹਾਰ ਦਾ ਸਾਹਮਣਾ ਕਰਨ ਵਾਲੇ ਅਜਰਬੈਜਾਨ ਦੇ ਮਮੇਘਾਰੋਵ ਨੇ ਅਲੈਕਜ਼ੈਂਡਰ ਗ੍ਰੀਸ਼ਚੁਕ ਨੂੰ ਹਰਾਉਂਦਿਆਂ 7.5 ਅੰਕ ਹਾਸਲ ਕਰ ਲਏ ਤੇ ਹੁਣ ਇਹ ਸਾਫ ਹੈ ਕਿ ਜੇਤੂ ਇਨ੍ਹਾਂ ਤਿੰਨਾਂ 'ਚੋਂ ਹੀ ਇਕ ਬਣੇਗਾ।
13 ਰਾਊਂਡਜ਼ ਤੋਂ ਬਾਅਦ ਅਮਰੀਕਾ ਦਾ ਫੇਬਿਆਨੋ ਕਾਰੂਆਨਾ 8 ਅੰਕਾਂ ਨਾਲ ਪਹਿਲੇ, ਰੂਸ ਦਾ ਸੇਰਗੀ ਕਾਰਯਾਕਿਨ ਤੇ ਅਜਰਬੈਜਾਨ ਦਾ ਮਮੇਘਾਰੋਵ 7.5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ, ਚੀਨ ਦਾ ਡੀਂਗ ਲੀਰੇਨ 7 ਅੰਕਾਂ 'ਤੇ, ਰੂਸ ਦਾ ਅਲੈਕਜ਼ੈਂਡਰ ਗ੍ਰੀਸ਼ਚੁਕ 6.5 ਅੰਕਾਂ 'ਤੇ, ਰੂਸ ਦਾ ਵਲਾਦੀਮੀਰ ਕ੍ਰਾਮਨਿਕ 6 ਅੰਕਾਂ, ਅਮਰੀਕਾ ਦਾ ਵੇਸਲੀ ਸੋਅ 5.5 ਅੰਕਾਂ ਤੇ ਅਰਮੀਨੀਆ ਦਾ ਲੇਵਾਨ ਅਰੋਨੀਅਨ 4 ਅੰਕਾਂ 'ਤੇ  ਖੇਡ ਰਹੇ ਹਨ।


Related News