ਡਿ ਮਿਨੋਰ ਨੂੰ ਹਰਾ ਕੇ ਜਵੇਰੇਵ ਨੇ ਜਿੱਤਿਆ ਵਾਸ਼ਿੰਗਟਨ ATP ਖਿਤਾਬ
Monday, Aug 06, 2018 - 01:49 PM (IST)

ਵਾਸ਼ਿੰਗਟਨ : ਅਲੈਗਜ਼ੈਂਡਰ ਜਵੇਰੇਵ ਨੇ ਆਸਟਰੇਲੀਆ ਦੇ ਐਲੇਕਸ ਡਿ ਮਿਨੋਰ ਨੂੰ 6-2, 6-4 ਨਾਲ ਹਰਾ ਕੇ ਆਪਣਾ ਏ. ਟੀ. ਪੀ. ਖਿਤਾਬ ਬਰਕਰਾਰ ਰੱਖਿਆ ਹੈ। ਜਰਮਨੀ ਦੇ 21 ਸਾਲਾਂ ਖਿਡਾਰੀ ਦਾ ਇਹ ਸਾਲ ਦਾ ਤੀਜਾ ਅਤੇ ਕੈਰੀਅਰ ਦਾ ਨੌਵਾਂ ਖਿਤਾਬ ਹੈ। ਉਥੇ ਹੀ ਮਿਨੋਰ ਆਪਣਾ ਪਹਿਲਾਂ ਖਿਤਾਬ ਜਿੱਤਣ ਤੋਂ ਖੁੰਝ ਗਏ ਹਨ।
ਅਮਰੀਕੀ ਓਪਨ ਦੀ ਤਿਆਰੀ ਦੇ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਇਸ ਟੂਰਨਾਮੈਂਟ ਦਾ ਇਹ 50ਵਾਂ ਸਾਲ ਹੈ। ਜਵੇਰੇਵ ਤੋਂ ਪਹਿਲਾਂ ਆਂਦਰੇ ਅਗਾਸੀ, ਮਾਈਕਲ ਚਾਂਗ ਅਤੇ ਜੁਆਨ ਡੇਲ ਪੋਤਰੋ ਲਗਾਤਾਰ ਇਹ ਖਿਤਾਬ ਜਿੱਤ ਚੁੱਕੇ ਹਨ। ਜਵੇਰੇਵ ਨੇ ਯੂਨਾਨ ਦੇ ਸਟੇਪਾਨੋਸ ਸਿਤਸਿਪਾਸ ਨੂੰ 6-2, 6-4 ਨਾਲ ਹਰਾ ਕੇ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਜਦਕਿ ਇਸ ਤੋਂ ਪਹਿਲਾਂ ਮਿਨੋਰ ਨੂੰ ਸਾਬਕਾ ਨੰਬਰ ਇਕ ਬ੍ਰਿਟੇਨ ਦੇ ਐਂਡੀ ਮਰੇ ਦੇ ਕੁਆਰਟਰ-ਫਾਈਨਲ ਵਿਚੋਂ ਹੱਟ ਜਾਣ ਦੇ ਕਾਰਨ ਬਿਨਾ ਖੇਡੇ ਹੀ ਸੈਮੀਫਾਈਨਲ ਦਾ ਟਿਕਟ ਮਿਲ ਗਿਆ ਸੀ। ਡਿ ਮਿਨੋਰ ਨੇ ਸੈਮੀਫਾਈਨਲ 'ਚ ਰੂਸ ਦੇ ਆਂਦਰੇ ਰੂਬਲੇਵ ਨੂੰ ਤਿਨ ਸੈੱਟਾਂ ਦੇ ਸੰਘਰਸ਼ 'ਚ ਲਗਭਗ ਤਿਨ ਘੰਟੇ 'ਚ 5-7, 7-6, 6-4 ਨਾਲ ਹਰਾਇਆ ਸੀ।