ਅਫਗਾਨਿਸਤਾਨ ਟੈਸਟ ਦੀ ਤਰੀਕ ਨੂੰ ਲੈ ਕੇ BCCI ਪ੍ਰਧਾਨ, ਖਜ਼ਾਨਚੀ ਹਨੇਰੇ 'ਚ
Wednesday, Jan 17, 2018 - 12:06 PM (IST)

ਕੋਲਕਾਤਾ, (ਬਿਊਰੋ)— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਆਲਾ ਅਧਿਕਾਰੀਆਂ ਵਿਚਾਲੇ ਵਿਚਾਰਕ ਮਤਭੇਦ ਇੱਕ ਵਾਰ ਫਿਰ ਉਭਰਕੇ ਸਾਹਮਣੇ ਆਏ, ਜਦੋਂ ਅਫਗਾਨਿਸਤਾਨ ਦੇ ਖਿਲਾਫ ਇਤਿਹਾਸਿਕ ਟੈਸਟ ਦੇ ਪਰੋਗਰਾਮ ਨੂੰ ਲੈ ਕੇ ਕਾਰਜਵਾਹਕ ਪ੍ਰਧਾਨ ਸੀ.ਕੇ. ਖੰਨਾ, ਖਜ਼ਾਨਚੀ ਅਨਿਰੁੱਧ ਚੌਧਰੀ ਅਤੇ ਸੀਨੀਅਰ ਮੈਂਬਰ ਰਾਜੀਵ ਸ਼ੁਕਲਾ ਨਾਲ ਕਿਸੇ ਤਰ੍ਹਾਂ ਦਾ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ । ਬੀ.ਸੀ.ਸੀ.ਆਈ. ਸਕੱਤਰ ਅਮਿਤਾਭ ਚੌਧਰੀ ਅਤੇ ਸੀ.ਈ.ਓ. ਰਾਹੁਲ ਜੌਹਰੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ 14 ਤੋਂ 18 ਜੂਨ ਤੱਕ ਟੈਸਟ ਮੈਚ ਖੇਡਿਆ ਜਾਵੇਗਾ ਜੋ ਅਫਗਾਨਿਸਤਾਨ ਦਾ ਪਹਿਲਾ ਟੈਸਟ ਹੋਵੇਗਾ ।
ਬੀ.ਸੀ.ਸੀ.ਆਈ. ਦੇ ਸੰਵਿਧਾਨ ਦੇ ਅਨੁਸਾਰ ਆਮ ਤਰਾਂ ਦੀ ਰਿਵਾਇਤ ਇਹ ਹੈ ਕਿ ਅੰਤਰਰਾਸ਼ਟਰੀ ਮੈਚ ਦੇ ਪ੍ਰਬੰਧ ਸਥਲ ਅਤੇ ਤਰੀਕ ਨੂੰ ਲੈ ਕੇ ਕੋਈ ਵੀ ਫੈਸਲਾ ਦੌਰਾ ਅਤੇ ਪਰੋਗਰਾਮ ਉਪ ਕਮੇਟੀ ਕਰਦੀ ਹੈ । ਪ੍ਰਧਾਨ, ਸਕੱਤਰ ਅਤੇ ਖਜ਼ਾਨਚੀ ਇਸ ਕਮੇਟੀ ਦੇ ਮੈਂਬਰ ਹੁੰਦੇ ਹਨ ਜਦੋਂ ਕਿ ਕਾਂਗਰਸ ਦੇ ਸੀਨੀਅਰ ਨੇਤਾ ਸ਼ੁਕਲਾ ਵੀ ਇਸ ਕਮੇਟੀ ਵਿੱਚ ਸ਼ਾਮਿਲ ਹਨ ।
ਬੀ.ਸੀ.ਸੀ.ਆਈ. ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ''ਹਾਂ, ਕਿਸੇ ਨੇ ਵੀ ਇਸ ਫੈਸਲੇ ਨੂੰ ਲੈ ਕੇ ਅਹੁਦੇਦਾਰਾਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਕਿਉਂਕਿ ਕਿਸੇ ਨੇ ਵੀ ਪ੍ਰੋਟੋਕਾਲ ਦੇ ਅਨੁਸਾਰ ਉਪ ਕਮੇਟੀ ਦੀ ਬੈਠਕ ਨਹੀਂ ਬੁਲਾਈ । ਅਫਗਾਨਿਸਤਾਨ ਨਾਲ ਖੇਡਣ ਦਾ ਫੈਸਲਾ ਆਮ ਸਭਾ (ਦਸੰਬਰ ਵਿੱਚ ਐੱਸ.ਜੀ.ਐੱਮ. ਵਿੱਚ) ਵਿੱਚ ਕੀਤਾ ਗਿਆ ਅਤੇ ਹੁਣ ਤਰੀਕ ਅਤੇ ਥਾਂ ਦੀ ਘੋਸ਼ਣਾ ਦੇ ਦੌਰਾਨ ਮੈਬਰਾਂ ਦੀ ਅਨਦੇਖੀ ਕੀਤੀ ਗਈ ।'' ਸ਼ੁਕਲਾ ਪ੍ਰਤੀਕਿਰਿਆ ਲਈ ਉਪਲੱਬਧ ਨਹੀਂ ਸਨ ਪਰ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਉਨ੍ਹਾਂ ਨੂੰ ਇਸ ਫੈਸਲੇ ਦੀ ਜਾਣਕਾਰੀ ਨਹੀਂ ਸੀ । ਜੌਹਰੀ ਵੀ ਪ੍ਰਤੀਕਿਰਿਆ ਦੇ ਲਈ ਉਪਲਬਧ ਨਹੀਂ ਸਨ ਪਰ ਸਕਤੱਰ ਚੌਧਰੀ ਦੇ ਕਰੀਬੀ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਦੌਰਾ ਅਤੇ ਪ੍ਰੋਗਰਾਮ ਕਮੇਟੀ ਤੋਂ ਮਨਜ਼ੂਰੀ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ।