CPL ਤੇ IPL ਦੀਆਂ ਤਾਰੀਖ਼ਾਂ ’ਚ ਟਕਰਾਅ, BCCI ਤੇ ਵਿੰਡੀਜ਼ ਕ੍ਰਿਕਟ ਬੋਰਡ ’ਚ ਗੱਲਬਾਤ ਜਾਰੀ
Monday, May 31, 2021 - 11:11 AM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਕੈਰੇਬੀਆਈ ਪ੍ਰਾੀਮੀਅਰ ਲੀਗ (ਸੀ. ਪੀ. ਐੱਲ.) ਨੂੰ ਇਕ ਹਫ਼ਤੇ ਜਾਂ 10 ਦਿਨ ਪਹਿਲਾਂ ਕਰਵਾਉਣ ਨੂੰ ਲੈ ਕੇ ਕ੍ਰਿਕਟ ਵੈਸਟਇੰਡੀਜ਼ (ਸੀ. ਡਬਲਯੂ. ਆਈ.) ਨਾਲ ਗੱਲ ਕਰ ਰਿਹਾ ਹੈ। ਬੀ. ਸੀ. ਸੀ. ਆਈ. ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਬਾਕੀ ਬਚੇ ਮੈਚਾਂ ਨੂੰ ਸਤੰਬਰ ਵਿਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ ਤੇ ਉਹ ਖਿਡਾਰੀਆਂ ਦਾ ਇਕ ਬਾਇਓ-ਬਬਲ ਤੋਂ ਦੂਜੇ ਬਾਇਓ-ਬਬਲ ਵਿਚ ਬਿਨਾਂ ਕਿਸੇ ਅੜਿੱਕੇ ਦੇ ਜਾਣਾ ਯਕੀਨੀ ਬਣਾਉਣਾ ਚਾਹੁੰਦਾ ਹੈ।
ਬੀ. ਸੀ. ਸੀ. ਆਈ. ਨੇ ਆਈ. ਪੀ. ਐੱਲ. ਦੇ ਬਾਕੀ ਬਚੇ ਮੈਚਾਂ ਦੀ ਸਤੰਬਰ ਵਿਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਬਹਾਲੀ ਨੂੰ ਸ਼ਨੀਵਾਰ ਨੂੰ ਮਨਜ਼ੂਰੀ ਦਿੱਤੀ। ਸੀ. ਪੀ. ਐੱਲ. 28 ਅਗਸਤ ਤੋਂ ਸ਼ੁਰੂ ਹੋਣਾ ਹੈ ਤੇ ਇਸ ਦਾ ਫਾਈਨਲ 19 ਸਤੰਬਰ ਨੂੰ ਖੇਡਿਆ ਜਾਵੇਗਾ ਜਦਕਿ ਆਈ. ਪੀ. ਐੱਲ. ਦੇ ਬਾਕੀ ਬਚੇ ਮੈਚ 18 ਸਤੰਬਰ ਤੋਂ 10 ਅਕਤੂਬਰ ਤਕ ਖੇਡੇ ਜਾਣ ਦੀ ਸੰਭਾਵਨਾ ਹੈ ਤੇ ਇਸ ਕਾਰਨ ਖਿਡਾਰੀਆਂ ਲਈ ਦੋਵਾਂ ਲੀਗਾਂ ਦਾ ਹਿੱਸਾ ਬਣਨਾ ਮੁਸ਼ਕਲ ਹੋਵੇਗਾ। ਬੀ. ਸੀ. ਸੀ. ਆਈ. ਸੂਤਰਾਂ ਨੇ ਕਿਹਾ ਕਿ ਸਾਡੀ ਕ੍ਰਿਕਟ ਵੈਸਟਇੰਡੀਜ਼ ਨਾਲ ਗੱਲ ਚੱਲ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਜੇ ਸੀ. ਪੀ. ਐੱਲ. ਕੁਝ ਦਿਨ ਪਹਿਲਾਂ ਖ਼ਤਮ ਹੋ ਜਾਂਦਾ ਹੈ ਤਾਂ ਇਸ ਨਾਲ ਖਿਡਾਰੀਆਂ ਨੂੰ ਇਕ ਬਾਇਓ-ਬਬਲ ਤੋਂ ਦੂਜੇ ਬਾਇਓ-ਬਬਲ ਵਿਚ ਜਾਣ ਵਿਚ ਮਦਦ ਮਿਲੇਗੀ।