ਭਾਰਤੀ ਟੀਮ ਦੇ ਮੁੱਖ ਕੋਚ ਦੇ ਵੱਖ-ਵੱਖ ਅਹੁਦਿਆਂ ’ਤੇ ਨਿਕਲੀ ਭਰਤੀ

Monday, Oct 18, 2021 - 11:23 AM (IST)

ਭਾਰਤੀ ਟੀਮ ਦੇ ਮੁੱਖ ਕੋਚ ਦੇ ਵੱਖ-ਵੱਖ ਅਹੁਦਿਆਂ ’ਤੇ ਨਿਕਲੀ ਭਰਤੀ

ਮੁੰਬਈ (ਵਾਰਤਾ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਭਾਰਤੀ ਟੀਮ ਦੇ ਮੁੱਖ ਕੋਚ, ਬੱਲੇਬਾਜ਼ੀ ਕੋਚ ਅਤੇ ਗੇਂਦਬਾਜ਼ੀ ਕੋਚ ਦੇ ਨਾਲ-ਨਾਲ ਨਵੇਂ ਸਪੋਰਟਸ ਸਟਾਫ਼ ਲਈ ਅਰਜ਼ੀਆਂ ਮੰਗੀਆਂ ਹਨ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਭਾਰਤ ਨੂੰ ਯੂ.ਏ.ਈ. ਅਤੇ ਓਮਾਨ ਵਿਚ ਸ਼ੁਰੂ ਹੋਏ ਟੀ-20 ਵਿਸ਼ਵ ਕੱਪ ਦੇ ਬਾਅਦ ਨਵਾਂ ਸਪੋਰਟਸ ਸਟਾਫ਼ ਮਿਲ ਜਾਏਗਾ। ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਐਤਵਾਰ ਨੂੰ ਜਾਰੀ ਬਿਆਨ ਵਿਚ ਭਾਰਤੀ ਟੀਮ (ਸੀਨੀਅਰ ਟੀਮ) ਅਤੇ ਰਾਸ਼ਟਰੀ ਕ੍ਰਿਕਟ ਅਕਾਦਮੀ (ਐਨ.ਸੀ.ਏ.) ਲਈ ਨੌਕਰੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਲਈ ਬੀ.ਸੀ.ਸੀ.ਆਈ. ਦੇ ਅਧਿਕਾਰਤ ਟਵੀਟ ’ਤੇ ਕਲਿੱਕ ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

 

ਬਿਆਨ ਮੁਤਾਬਕ ਭਾਰਤੀ ਟੀਮ ਦੇ 3 ਉਚ ਅਹੁਦਿਆਂ ਮੁਖ ਕੋਚ, ਬੱਲੇਬਾਜ਼ੀ ਕੋਚ ਅਤੇ ਗੇਂਦਬਾਜ਼ੀ ਕੋਚ ਦੇ ਇਲਾਵਾ ਫੀਲਡਿੰਗ ਕੋਚ ਅਤੇ ਐਨ.ਸੀ.ਏ. ਦੇ ਸਪੋਰਟਸ ਸਾਇੰਸ/ਮੈਡੀਸਨ ਦੇ ਪ੍ਰਮੁੱਖ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਭਾਰਤੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ 26 ਅਕਤੂਬਰ ਹੈ, ਜਦੋਂ ਕਿ ਹੋਰ ਅਹੁਦਿਆਂ ਲਈ 3 ਨਵੰਬਰ ਹੈ। ਅਜਿਹੀਆਂ ਅਟਕਲਾਂ ਹਨ ਕਿ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਵਿੜ ਕੋਚ ਦਾ ਅਹੁਦਾ ਸੰਭਾਲਨ ਲਈ ਤਿਆਰ ਹਨ ਅਤੇ ਉਹ ਪੂਰੀ ਤਰ੍ਹਾਂ ਇਕ ਨਵੀਂ ਟੀਮ ਚਾਹੁੰਦੇ ਹਨ। ਬੀ.ਸੀ.ਸੀ.ਆਈ. ਦਾ ਕਹਿਣਾ ਹੈ ਕਿ ਇਹ ਮੁੱਦੇ ਉਨ੍ਹਾਂ ਦੇ ਟੀਮ ਨਾਲ ਜੁੜਨ ਤੋਂ ਪਹਿਲਾਂ ਹੀ ਸੁਲਝਾ ਲਏ ਜਾਣਗੇ। ਸਮਝਿਆ ਜਾਂਦਾ ਹੈ ਕਿ ਸਾਬਕਾ ਆਸਟ੍ਰੇਲੀਆਈ ਕਪਤਾਨ ਰਿਕੀ ਪੋਂਟਿੰਗ ਨੇ ਬੀ.ਸੀ.ਸੀ.ਆਈ. ਦੇ ਕੋਚ ਅਹੁਦੇ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ।
 


author

cherry

Content Editor

Related News