''ਮੈਚ ਖੇਡੋਗੇ ਤਾਂ ਹੀ ਮਿਲੇਗਾ ਸਾਲਾਨਾ ਕੰਟਰੈਕਟ'': BCCI ਲਿਆ ਰਹੀ ਨਵਾਂ ਨਿਯਮ

Saturday, Sep 12, 2026 - 08:42 PM (IST)

''ਮੈਚ ਖੇਡੋਗੇ ਤਾਂ ਹੀ ਮਿਲੇਗਾ ਸਾਲਾਨਾ ਕੰਟਰੈਕਟ'': BCCI ਲਿਆ ਰਹੀ ਨਵਾਂ ਨਿਯਮ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਆਪਣੇ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਸਾਲਾਨਾ ਸੈਂਟਰਲ ਕੰਟਰੈਕਟ ਦੇ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਕਰਨ ਦੀ ਤਿਆਰੀ ਕਰ ਰਿਹਾ ਹੈ। ਬੋਰਡ ਹੁਣ ਖਿਡਾਰੀਆਂ ਦੀ ਮੈਦਾਨ 'ਤੇ ਮੌਜੂਦਗੀ ਅਤੇ ਉਪਲਬਧਤਾ ਨੂੰ ਲੈ ਕੇ ਵਧੇਰੇ ਸਖ਼ਤ ਰੁੱਖ ਅਪਣਾਉਣ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।

ਹੁਣ ਤੱਕ ਖਿਡਾਰੀਆਂ ਨੂੰ ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਸੀਨੀਅਰਤਾ ਦੇ ਆਧਾਰ 'ਤੇ ਸੈਂਟਰਲ ਕੰਟਰੈਕਟ ਦਿੱਤਾ ਜਾਂਦਾ ਸੀ। ਪਰ ਹੁਣ ਬੋਰਡ 'ਮੈਚਾਂ ਲਈ ਉਪਲਬਧਤਾ' ਨੂੰ ਵੀ ਇੱਕ ਮੁੱਖ ਸ਼ਰਤ ਬਣਾਉਣ ਦੀ ਤਿਆਰੀ ਵਿੱਚ ਹੈ। ਇਸ ਦਾ ਮਤਲਬ ਹੈ ਕਿ ਬੋਰਡ ਇਹ ਦੇਖੇਗਾ ਕਿ ਖਿਡਾਰੀ ਖੇਡਣ ਲਈ ਕਿੰਨੇ ਮੈਚਾਂ ਵਿੱਚ ਫਿੱਟ ਅਤੇ ਮੌਜੂਦ ਸਨ। ਪਿਛਲੇ ਕੁਝ ਮਹੀਨਿਆਂ ਦੌਰਾਨ ਟੀਮ ਇੰਡੀਆ ਦੇ ਕਈ ਅਹਿਮ ਖਿਡਾਰੀਆਂ ਦੇ ਲਗਾਤਾਰ ਜ਼ਖ਼ਮੀ (ਇੰਜਰਡ) ਹੋਣ ਕਾਰਨ ਕਈ ਵੱਡੇ ਮੈਚ ਛੁੱਟ ਗਏ ਸਨ, ਜਿਸ ਨੂੰ ਦੇਖਦਿਆਂ ਬੋਰਡ ਚਾਹੁੰਦਾ ਹੈ ਕਿ ਖਿਡਾਰੀ ਵੱਧ ਤੋਂ ਵੱਧ ਮੈਚਾਂ ਲਈ ਫਿੱਟ ਰਹਿਣ।

ਬੋਰਡ ਫਿਲਹਾਲ ਇੱਕ ਅਜਿਹੇ ਫਾਰਮੂਲੇ 'ਤੇ ਚਰਚਾ ਕਰ ਰਿਹਾ ਹੈ ਜਿਸ ਵਿੱਚ ਪੂਰੇ ਸੀਜ਼ਨ ਦੌਰਾਨ ਖਿਡਾਰੀ ਦੀ ਫਿਟਨੈਸ ਅਤੇ ਮੌਜੂਦਗੀ 'ਤੇ ਨਜ਼ਰ ਰੱਖੀ ਜਾਵੇਗੀ। ਬੋਰਡ ਇੱਕ ਸੀਮਾ ਤੈਅ ਕਰ ਸਕਦਾ ਹੈ ਕਿ ਸੈਂਟਰਲ ਕੰਟਰੈਕਟ ਪ੍ਰਾਪਤ ਕਰਨ ਲਈ ਖਿਡਾਰੀ ਨੂੰ ਘੱਟੋ-ਘੱਟ ਕਿੰਨੇ ਮੈਚ ਖੇਡਣ ਲਈ ਉਪਲਬਧ ਰਹਿਣਾ ਜ਼ਰੂਰੀ ਹੋਵੇਗਾ।

ਬੀ.ਸੀ.ਸੀ.ਆਈ. ਦੇ ਇੱਕ ਸੂਤਰ ਅਨੁਸਾਰ ਇਹ ਵਿਚਾਰ ਅਜੇ ਬਿਲਕੁਲ ਸ਼ੁਰੂਆਤੀ ਦੌਰ ਵਿੱਚ ਹੈ ਅਤੇ ਬੋਰਡ ਦੇ ਅੰਦਰ ਇਸ 'ਤੇ ਚਰਚਾ ਚੱਲ ਰਹੀ ਹੈ ਕਿ ਅਜਿਹਾ ਨਿਯਮ ਲਾਗੂ ਕਰਨਾ ਸੰਭਵ ਹੈ ਜਾਂ ਨਹੀਂ। ਅਜੇ ਤੱਕ ਇਸ 'ਤੇ ਕੋਈ ਪੱਕਾ ਫੈਸਲਾ ਨਹੀਂ ਲਿਆ ਗਿਆ ਹੈ। ਹਾਲਾਂਕਿ, ਜੇਕਰ ਇਹ ਨਿਯਮ ਲਾਗੂ ਹੁੰਦਾ ਹੈ, ਤਾਂ ਭਵਿੱਖ ਵਿੱਚ ਖਿਡਾਰੀਆਂ ਲਈ ਸਿਰਫ਼ ਚੰਗਾ ਖੇਡਣਾ ਹੀ ਕਾਫ਼ੀ ਨਹੀਂ ਹੋਵੇਗਾ, ਸਗੋਂ ਟੀਮ ਲਈ ਹਮੇਸ਼ਾ ਫਿੱਟ ਰਹਿਣਾ ਵੀ ਕਰੋੜਾਂ ਦੇ ਕੰਟਰੈਕਟ ਦੀ ਗਾਰੰਟੀ ਬਣੇਗਾ।
 


author

Inder Prajapati

Content Editor

Related News