ਦੱ. ਅਫਰੀਕਾ ਖ਼ਿਲਾਫ ਵਨ ਡੇ ਸੀਰੀਜ਼ ਤੋਂ ਕੋਹਲੀ ਦੇ ਬ੍ਰੇਕ ’ਤੇ BCCI ਦਾ ਵੱਡਾ ਬਿਆਨ ਆਇਆ ਸਾਹਮਣੇ

Tuesday, Dec 14, 2021 - 04:46 PM (IST)

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਹੈ ਕਿ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਦੇ ਆਗਾਮੀ ਦੌਰੇ ਦੇ ਇਕ ਰੋਜ਼ਾ ਮੈਚਾਂ ਤੋਂ ਬ੍ਰੇਕ ਲਈ ਕੋਈ ਰਸਮੀ ਬੇਨਤੀ ਨਹੀਂ ਕੀਤੀ ਹੈ। ਕੋਹਲੀ 26 ਦਸੰਬਰ ਤੋਂ ਸੈਂਚੁਰੀਅਨ ’ਚ ਸ਼ੁਰੂ ਹੋਣ ਵਾਲੀ ਤਿੰਨ ਟੈਸਟ ਮੈਚਾਂ ਦੀ ਲੜੀ ’ਚ ਭਾਰਤ ਦੀ ਅਗਵਾਈ ਕਰਨਗੇ। ਟੈਸਟ ਸੀਰੀਜ਼ ਕੇਪਟਾਊਟ ’ਚ 15 ਜਨਵਰੀ ਨੂੰ ਤੀਜੇ ਅਤੇ ਆਖਰੀ ਟੈਸਟ ਨਾਲ ਖ਼ਤਮ ਹੋਵੇਗੀ। ਇਸ ਤੋਂ ਬਾਅਦ 19 ਜਨਵਰੀ ਤੋਂ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਅਜਿਹੀਆਂ ਖਬਰਾਂ ਸਨ ਕਿ ਉਪ-ਕਪਤਾਨ ਰੋਹਿਤ ਸ਼ਰਮਾ ਦੇ ਖੱਬੀ ਲੱਤ ਦੀ ਸੱਟ ਕਾਰਨ ਟੈਸਟ ਸੀਰੀਜ਼ ਤੋਂ ਬਾਹਰ ਹੋਣ ਤੋਂ ਬਾਅਦ ਕੋਹਲੀ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਬ੍ਰੇਕ ਲੈਣਗੇ।

PunjabKesari

ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ, “ਕੋਹਲੀ ਨੇ ਇਕ ਦਿਨਾ ਮੈਚਾਂ ’ਚ ਨਾ ਖੇਡਣ ਨੂੰ ਲੈ ਕੇ ਅਜੇ ਤੱਕ ਬੀ.ਸੀ.ਸੀ.ਆਈ. ਪ੍ਰਧਾਨ ਸੌਰਵ ਗਾਂਗੁਲੀ ਜਾਂ ਸਕੱਤਰ ਜੈ ਸ਼ਾਹ ਨੂੰ ਕੋਈ ਰਸਮੀ ਬੇਨਤੀ ਨਹੀਂ ਭੇਜੀ ਹੈ। ਜੇਕਰ ਬਾਅਦ ’ਚ ਕੋਈ ਫੈਸਲਾ ਲਿਆ ਜਾਂਦਾ ਹੈ ਜਾਂ ਰੱਬ ਨਾ ਕਰੇ ਉਹ ਜ਼ਖਮੀ ਹੋ ਜਾਂਦੇ ਹਨ ਤਾਂ ਵੱਖਰੀ ਗੱਲ ਹੈ।  ਉਨ੍ਹਾਂ ਨੇ ਕਿਹਾ, ‘‘ਅੱਜ ਦੀ ਸਥਿਤੀ ਦੇ ਅਨੁਸਾਰ ਉਹ 19, 21 ਅਤੇ 23 ਜਨਵਰੀ ਨੂੰ ਹੋਣ ਵਾਲੇ ਤਿੰਨ ਇਕ ਰੋਜ਼ਾ ਮੈਚਾਂ ’ਚ ਖੇਡਣਗੇ। ਅਧਿਕਾਰੀ ਨੇ ਕਿਹਾ ਕਿ ਜੈਵਿਕ ਤੌਰ ’ਤੇ ਸੁਰੱਖਿਅਤ ਵਾਤਾਵਰਨ ਨਾਲ ਸਬੰਧਤ ਪਾਬੰਦੀਆਂ ਕਾਰਨ ਖਿਡਾਰੀਆਂ ਦੇ ਪਰਿਵਾਰ ਵੀ ਉਸੇ ਚਾਰਟਰਡ ਜਹਾਜ਼ ਰਾਹੀਂ ਸਫ਼ਰ ਕਰਨਗੇ, ਜਿਸ ’ਚ ਖਿਡਾਰੀ ਅਤੇ ਅਧਿਕਾਰੀ ਸਫ਼ਰ ਕਰਨਗੇ। ਸੂਤਰ ਨੇ ਕਿਹਾ, “ਕਪਤਾਨ ਆਪਣੇ ਪਰਿਵਾਰ ਨਾਲ ਯਾਤਰਾ ਕਰੇਗਾ ਪਰ ਹਾਂ, ਜੇਕਰ ਟੈਸਟ ਸੀਰੀਜ਼ ਤੋਂ ਬਾਅਦ ਉਹ ਜੈਵਿਕ ਤੌਰ ’ਤੇ ਸੁਰੱਖਿਅਤ ਮਾਹੌਲ ਤੋਂ ਥੱਕਿਆ ਹੋਇਆ ਮਹਿਸੂਸ ਕਰਦੇ ਹਨ ਅਤੇ ਬ੍ਰੇਕ ਚਾਹੁੰਦੇ ਹਨ, ਤਾਂ ਉਹ ਯਕੀਨੀ ਤੌਰ ’ਤੇ ਚੋਣ ਕਮੇਟੀ ਦੇ ਚੇਅਰਮੈਨ ਅਤੇ ਸਕੱਤਰ (ਸ਼ਾਹ) ਨੂੰ ਸੂਚਿਤ ਕਰਨਗੇ, ਜੋ ਚੋਣ ਕਮੇਟੀ ਦੇ ਕੋਆਰਡੀਨੇਟਰ ਹਨ।

ਮੌਜੂਦਾ ਅਟਕਲਾਂ ਦਾ ਇਕ ਕਾਰਨ ਇਹ ਵੀ ਹੈ ਕਿ ਭਾਰਤ ਨੂੰ ਇਕ ਵਾਰ ਫਿਰ ਘਰ ਵਾਪਸੀ ’ਤੇ ਤਿੰਨ ਹਫ਼ਤਿਆਂ ਤੱਕ ਜੈਵਿਕ ਤੌਰ ’ਤੇ ਸੁਰੱਖਿਅਤ ਮਾਹੌਲ ਦਾ ਹਿੱਸਾ ਬਣਨਾ ਹੋਵੇਗਾ ਕਿਉਂਕਿ ਸ਼੍ਰੀਲੰਕਾ ਦੀ ਟੀਮ ਟੈਸਟ ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਖੇਡਣ ਆ ਰਹੀ ਹੈ। ਇਸ ਤਰ੍ਹਾਂ ਦੀਆਂ ਵੀ ਖਬਰਾਂ ਹਨ ਕਿ ਕੋਹਲੀ ਆਪਣੀ ਧੀ ਵਾਮਿਕਾ ਦੇ ਪਹਿਲੇ ਜਨਮ ਦਿਨ (11 ਜਨਵਰੀ) ਦੇ ਕਾਰਨ ਬ੍ਰੇਕ ਵੀ ਲੈ ਸਕਦੇ ਹਨ। ਕੋਹਲੀ ਉਸ ਦਿਨ ਆਪਣਾ 100ਵਾਂ ਟੈਸਟ ਮੈਚ ਖੇਡ ਰਹੇ ਹੋਣਗੇ। ਕੋਹਲੀ ਜੈਵਿਕ ਤੌਰ ’ਤੇ ਸੁਰੱਖਿਅਤ ਵਾਤਾਵਰਣ ’ਚ ਕੰਮ ਦੇ ਬੋਝ ਦੇ ਪ੍ਰਬੰਧਨ ਦੀ ਵਕਾਲਤ ਕਰਦੇ ਰਹੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਲੰਬੇ ਸਮੇਂ ਤੱਕ ਇਸ ਦਾ ਹਿੱਸਾ ਬਣਨਾ ਵਿਵਹਾਰਿਕ ਨਹੀਂ ਹੈ ਕਿਉਂਕਿ ਇਸ ਨਾਲ ਮਾਨਸਿਕ ਸਿਹਤ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। 


Manoj

Content Editor

Related News