ਸਭ ਤੋਂ ਤੇਜ਼ ਪੰਜ ਟੈਸਟ ਸੈਂਕੜੇ ਲਾਉਣ ਵਾਲੇ ਏਸ਼ੀਆਈ ਬੱਲੇਬਾਜ਼ ਬਣੇ ਫਵਾਦ ਆਲਮ
Monday, Aug 23, 2021 - 01:14 PM (IST)
ਸਪੋਰਟਸ ਡੈਸਕ- ਵੈਸਟਇੰਡੀਜ਼ ਖ਼ਿਲਾਫ਼ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਮੁਕਾਬਲੇ ’ਚ ਪਾਕਿਸਤਾਨ ਟੀਮ ਦੇ ਮੱਧ ਪੜਾਅ ਦੇ ਬੱਲੇਬਾਜ਼ ਫ਼ਵਾਦ ਆਲਮ ਨੇ ਸੈਕੜਾ ਬਣਾਇਆ ਤੇ ਇਸ ਨਾਲ ਉਨ੍ਹਾਂ ਨੇ ਪਾਕਿਸਤਾਨ ਦੀ ਟੀਮ ਲਈ ਇਤਿਹਾਸ ਰਚ ਦਿੱਤਾ ਹੈ। ਭਾਵੇ ਹੀ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਉਨ੍ਹਾਂ ਨੂੰ ਟੈਸਟ ਕ੍ਰਿਕਟ ’ਚ ਵਾਪਸੀ ਦਾ ਮੌਕਾ ਮਿਲਿਆ ਸੀ ਪਰ ਉਨ੍ਹਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਟੀਮ ਨੇ ਉਨ੍ਹਾਂ ਨੂੰ ਬਾਹਰ ਕਰ ਕੇ ਚੰਗਾ ਨਹੀਂ ਕੀਤਾ ਸੀ।
ਦਰਅਸਲ, ਫਵਾਦ ਆਲਮ ਟੈਸਟ ਕ੍ਰਿਕਟ ’ਚ ਸਭ ਤੋਂ ਤੇਜ਼ ਪੰਜ ਸੈਕੜੇ ਲਗਾਉਣ ਵਾਲੇ ਪਾਕਿਸਤਾਨ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਫਵਾਦ ਨੇ ਵੈਸਟਇੰਡੀਜ਼ ਖ਼ਿਲਾਫ਼ ਚੱਲ ਰਹੇ ਦੂਜੇ ਟੈਸਟ ਮੈਚ ’ਚ ਐਤਵਾਰ ਨੂੰ ਇਹ ਉਪਲੱਬਧੀ ਹਾਸਿਲ ਕੀਤੀ। ਖੱਬੇ ਹੱਥ ਦੇ ਬੱਲੇਬਾਜ਼ ਨੇ ਆਪਣੀ 22ਵੀਂ ਪਾਰੀ ’ਚ ਹੀ ਆਪਣਾ ਪੰਜਵਾਂ ਟੈਸਟ ਸੈਕੜਾ ਬਣਾਇਆ। ਫਵਾਦ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਕਪਤਾਨ ਯੂਨਿਸ ਖ਼ਾਨ ਨੇ ਦੇਸ਼ ਦੇ ਲਈ ਇਹ ਉਪਲੱਬਧੀ ਹਾਸਿਲ ਕੀਤੀ ਸੀ।
ਯੂਨਿਸ ਖ਼ਾਨ ਨੇ 28 ਪਾਰੀਆਂ ’ਚ 5 ਸੈਕੜੇ ਬਣਾਏ ਸਨ। ਉੱਥੇ ਹੀ ਸਲੀਮ ਮਲਿਕ ਨੇ 29 ਪਾਰੀਆਂ ’ਚ ਪਾਕਿਸਤਾਨ ਲਈ ਟੈਸਟ ਕ੍ਰਿਕਟ ’ਚ 5 ਸੈਕੜੇ ਬਣਾਏ ਸਨ। ਇਸ ਤੋਂ ਇਲਾਵਾ ਫਵਾਦ ਆਲਾਮ ਪਾਕਿਸਤਾਨ ਦੇ ਛੇਵੇਂ ਅਜਿਹੇ ਬੱਲੇਬਾਜ਼ ਬਣ ਗਏ ਹਨ ਜਿਨ੍ਹਾਂ ਨੇ ਕਿੰਗਸਟਨ ਦੇ ਸਬੀਨਾ ਪਾਰਕ ’ਚ ਸੈਕੜੇ ਬਣਾਏ ਹਨ।