ਬੜੌਦਾ ਨੇ ਸਾਬਕਾ ਚੈਂਪੀਅਨ ਮੁੰਬਈ ਨੂੰ 84 ਦੌੜਾਂ ਨਾਲ ਹਰਾਇਆ

Tuesday, Oct 15, 2024 - 11:28 AM (IST)

ਬੜੌਦਾ ਨੇ ਸਾਬਕਾ ਚੈਂਪੀਅਨ ਮੁੰਬਈ ਨੂੰ 84 ਦੌੜਾਂ ਨਾਲ ਹਰਾਇਆ

ਵਡੋਦਰਾ, (ਭਾਸ਼ਾ)–ਖੱਬੇ ਹੱਥ ਦੇ ਸਪਿਨਰ ਭਾਰਗਵ ਭੱਟ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 6 ਵਿਕਟਾਂ ਲਈਆਂ, ਜਿਸ ਨਾਲ ਬੜੌਦਾ ਨੇ ਸੋਮਵਾਰ ਨੂੰ ਇੱਥੇ ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ-ਏ ਮੈਚ ਦੇ ਆਖਰੀ ਦਿਨ ਸਾਬਕਾ ਚੈਂਪੀਅਨ ਮੁੰਬਈ ਨੂੰ 84 ਦੌੜਾਂ ਨਾਲ ਹਰਾ ਦਿੱਤਾ। ਇਹ ਮੈਚ ਉਤਾਰ-ਚੜਾਅ ਵਾਲਾ ਰਿਹਾ ਪਰ ਆਖਰੀ ਦਿਨ 34 ਸਾਲਾ ਭੱਟ ਦੀ ਤੂਤੀ ਬੋਲੀ। ਉਸ ਨੇ ਦੂਜੀ ਪਾਰੀ ਵਿਚ 55 ਦੌੜਾਂ ਦੇ ਕੇ 6 ਵਿਕਟਾਂ ਲਈਆਂ ਤੇ ਮੁੰਬਈ ਦੀ ਬੱਲੇਬਾਜ਼ੀ ਨੂੰ ਤਹਿਸ-ਨਹਿਸ ਕਰਕੇ ਆਪਣੀ ਟੀਮ ਨੂੰ ਯਾਦਗਾਰ ਜਿੱਤ ਦਿਵਾਈ।

ਜਿੱਤ ਲਈ 262 ਦੌੜਾਂ ਦੇ ਟੀਚੇ ਦੇ ਪਿੱਛਾ ਕਰਦੇ ਹੋਏ 42 ਵਾਰ ਦੀ ਚੈਂਪੀਅਨ ਮੁੰਬਈ ਦੀ ਟੀਮ 48.2 ਓਵਰਾਂ ਵਿਚ 177 ਦੌੜਾਂ ’ਤੇ ਆਊਟ ਹੋ ਗਈ। ਮੁੰਬਈ ਨੂੰ ਆਖਰੀ ਦਿਨ ਜਿੱਤ ਲਈ 220 ਦੌੜਾਂ ਦੀ ਲੋੜ ਸੀ ਜਦਕਿ ਉਸਦੀਆਂ 8 ਵਿਕਟਾਂ ਬਾਕੀ ਸਨ। ਉਸ ਨੇ ਸਵੇਰੇ 2 ਵਿਕਟਾਂ ’ਤੇ 42 ਦੌੜਾਂ ਤੋਂ ਆਪਣੀ ਪਾਰੀ ਅੱਗੇ ਵਧਾਈ ਪਰ ਟਾਪ ਸਕੋਰਰ ਸਿਦੇਸ਼ ਲਾਡ (59) ਤੇ ਸ਼੍ਰੇਯਸ ਅਈਅਰ (30) ਨੂੰ ਛੱਡ ਕੇ ਉਸਦਾ ਕੋਈ ਵੀ ਹੋਰ ਬੱਲੇਬਾਜ਼ ਟਿੱਕ ਕੇ ਨਹੀਂ ਖੇਡ ਸਕਿਆ। ਮੁੰਬਈ ਨੇ ਇਸ ਤਰ੍ਹਾਂ ਨਾਲ 38.5 ਓਵਰਾਂ ਵਿਚ ਆਪਣੀਆਂ ਬਾਕੀ ਬਚੀਆਂ 8 ਵਿਕਟਾਂ ਗੁਆ ਦਿੱਤੀਆਂ। ਇਸ ਵਿਚਾਲੇ ਉਸਦੀ ਟੀਮ ਸਿਰਫ 135 ਦੌੜਾਂ ਹੀ ਬਣਾ ਸਕੀ।
 


author

Tarsem Singh

Content Editor

Related News