ਲੇਵਾਂਡੋਵਸਕੀ ਦੀ ਗੈਰ-ਮੌਜੂਦਗੀ ਵਿਚ ਵੀ ਬਾਰਸੀਲੋਨਾ ਨੇ ਐਟਲੇਟਿਕੋ ਨੂੰ ਹਰਾਇਆ
Tuesday, Jan 10, 2023 - 04:50 PM (IST)
ਮੈਡ੍ਰਿਡ– ਆਪਣੇ ਸਟਾਰ ਖਿਡਾਰੀ ਰਾਬਰਟੋ ਲੇਵਾਂਡੋਵਸਕੀ ਦੇ ਬਿਨਾਂ ਖੇਡਦੇ ਹੋਏ ਵੀ ਬਾਰਸੀਲੋਨਾ ਨੇ ਸਪੈਨਿਸ਼ ਲੀਗ ਫੁੱਟਬਾਲ ਵਿਚ ਐਟਲੇਟਿਕੋ ਨੂੰ 1-0 ਨਾਲ ਹਰਾ ਕੇ ਰੀਅਲ ਮੈਡ੍ਰਿਡ ’ਤੇ 3 ਅੰਕਾਂ ਦੀ ਬੜ੍ਹਤ ਬਣਾ ਲਈ। ਮੈਡ੍ਰਿਡ ਨੂੰ ਸ਼ਨੀਵਾਰ ਨੂੰ ਵਿਲਾਰੀਆਲ ਨੇ 2-1 ਨਾਲ ਹਰਾਇਆ ਸੀ। ਐਟਲੇਟਿਕੋ ਇਸ ਹਾਰ ਤੋਂ ਬਾਅਦ ਪੰਜਵੇਂ ਸਥਾਨ ’ਤੇ ਖਿਸਕ ਗਿਆ। ਬਾਰਸੀਲੋਨਾ ਲਈ ਪਹਿਲੇ ਹਾਫ ਵਿਚ ਉਸਮਾਨ ਡੇਂਬੇਲੇ ਨੇ ਗੋਲ ਕੀਤਾ।
ਬਾਰਸੀਲੋਨਾ ਨੂੰ ਇਸ ਮੈਚ ਵਿਚ ਆਪਣੇ ਚੋਟੀ ਦੇ ਸਕੋਰਰ ਲੇਵਾਂਡੋਵਸਕੀ (13 ਗੋਲ) ਦੇ ਬਿਨਾਂ ਉਤਰਨਾ ਪਿਆ ਕਿਉਂਕਿ ਵਿਸ਼ਵ ਕੱਪ ਬ੍ਰੇਕ ਤੋਂ ਪਹਿਲਾਂ ਪੋਲੈਂਡ ਦੇ ਇਸ ਸਟ੍ਰਾਈਕਰ ’ਤੇ 3 ਮੈਚਾਂ ਦੀ ਪਾਬੰਦੀ ਲਗਾਈ ਗਈ ਸੀ। ਹੁਣ ਬਾਰਸੀਲੋਨਾ ਸਪੈਨਿਸ਼ ਸੁਪਰ ਕੱਪ ਖੇਡਣ ਸਾਊਦੀ ਅਰਬ ਜਾਵੇਗੀ। ਉਸਦਾ ਸਾਹਮਣਾ ਵੀਰਵਾਰ ਨੂੰ ਸੈਮੀਫਾਈਨਲ ਵਿਚ ਕੋਪਾ ਡੇਲ ਰੇ ਚੈਂਪੀਅਨ ਬੇਟਿਸ ਨਾਲ ਹੋਵੇਗਾ ਜਦਕਿ ਮੈਡ੍ਰਿਡ ਤੇ ਵਾਲੇਂਸ਼ੀਆ ਦੂਜੇ ਸੈਮੀਫਾਈਨਲ ਵਿਚ ਭਿੜਨਗੇ। ਰੀਆਲ ਸੋਸ਼ਿਦਾਦ ਨੇ ਇਕ ਹੋਰ ਮੈਚ ਵਿਚ ਅਲਮੇਰੀਆ ਨੂੰ ਹਰਾਇਆ ਜਦਕਿ ਬੇਟਿਸ ਨੇ ਰਾਓ ਵਾਲੇਕਾਨੋ ਨੂੰ 2-1 ਨਾਲ ਹਰਾਇਆ। ਸੇਵਿਲਾ ਨੇ ਗੇਟਾਫੇ ਨੂੰ 2-1 ਨਾਲ ਹਰਾਇਆ।