ਟੈਸਟ ਕ੍ਰਿਕਟ 'ਚ ਵਿਕਟਕਿਪਿੰਗ ਨਹੀਂ ਕਰੇਗਾ ਹੁਣ ਇਹ ਧਾਕੜ ਖਿਡਾਰੀ, ਇਹ ਹੈ ਖਾਸ ਵਜ੍ਹਾ
Tuesday, Oct 29, 2019 - 01:40 PM (IST)

ਸਪੋਰਟਸ ਡੈਸਕ— ਭਾਰਤ ਦੌਰੇ 'ਤੇ ਆਉਣ ਤੋਂ ਪਹਿਲਾਂ ਬੰਗਲਾਦੇਸ਼ ਕ੍ਰਿਕਟ ਬੋਰਡ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਖਿਡਾਰੀਆਂ ਨੇ ਦੌਰੇ ਤੋਂ ਪਹਿਲਾਂ ਹੜਤਾਲ ਕੀਤੀ ਅਤੇ ਹੁਣ ਟੀਮ ਦੇ ਖ਼ੁਰਾਂਟ ਵਿਕਟਕੀਪਰ ਨੇ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਬੰਗਲਾਦੇਸ਼ ਟੀਮ ਦੀ ਕਪਤਾਨੀ ਕਰ ਚੁੱਕੇ ਮੁਸ਼ਫਿਕੁਰ ਰਹੀਮ ਨੇ ਟੈਸਟ ਕ੍ਰਿਕਟ 'ਚ ਵਿਕਟਕੀਪਰ ਦੀ ਭੂਮਿਕਾ ਨਿਭਾਉਣ ਨੂੰ ਛੱਡਣ ਦਾ ਮਨ ਬਣਾ ਲਿਆ ਹੈ। ਉਹ ਆਪਣੇ ਆਪ ਨੂੰ ਇਸ ਕੰਮ ਲਈ ਹੁਣ ਉਪਯੁਕਤ ਨਹੀਂ ਮੰਨਦੇ ਅਤੇ ਉਹ ਇਸ ਜ਼ਿੰਮੇਵਾਰੀ ਤੋ ਹੱਟਣਾ ਚਾਹੁੰਦੇ ਹਨ।
ਟੈਸਟ ਮੈਚਾਂ 'ਚ ਵਿਕਟਕੀਪਿੰਗ ਨਾ ਕਰਨ ਦਾ ਫੈਸਲਾ
ਰਹੀਮ ਦਾ ਕਹਿਣਾ ਹੈ ਕਿ ਉਹ ਤਿੰਨਾਂ ਫਾਰਮੈਟਾਂ 'ਚ ਖੇਡਦੇ ਹਨ ਇਸ ਲਈ ਆਪਣਾ ਵਰਕਲੋਡ ਘੱਟ ਕਰਨ ਅਤੇ ਸੱਟਾਂ ਤੋਂ ਬਚਣ ਲਈ ਇਹ ਫ਼ੈਸਲਾ ਲੈ ਰਿਹਾ ਹੈ। ਉਹ ਆਉਣ ਵਾਲੇ ਸਮੇਂ 'ਚ ਇਸ ਨੂੰ ਛੱਡਣ ਦਾ ਮੰਨ ਬਣਾ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਨੂੰ ਲੰਬਾ ਕਰਨ ਦੀ ਵਜ੍ਹਾ ਕਰਕੇ ਅਜਿਹਾ ਫੈਸਲਾ ਲਿਆ ਹੈ। ਕ੍ਰਿਕਬਜ਼ ਮੁਤਾਬਕ, ਮੁਸ਼ਫਿਕੁਰ ਨੇ ਕਿਹਾ, ਮੇਰੀ ਟੈਸਟ ਮੈਚਾਂ 'ਚ ਵਿਕਟਕੀਪਿੰਗ ਕਰਨ ਦੀ ਇੱਛਾ ਨਹੀਂ ਹੈ। ਮੈਨੂੰ ਆਉਣ ਵਾਲੇ ਦਿਨਾਂ 'ਚ ਸਾਰੇ ਫਾਰਮੈਟਾਂ 'ਚ ਕਾਫ਼ੀ ਸਾਰੇ ਮੈਚ ਖੇਡਣੇ ਹਨ। ਮੈਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਇਲਾਵਾ ਢਾਕਾ ਪ੍ਰੀਮੀਅਰ ਲੀਗ (ਡੀ. ਪੀ. ਐੱਲ) ਅਤੇ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀ. ਪੀ. ਐੱਲ) 'ਚ ਵੀ ਹਿੱਸਾ ਲੈਂਦਾ ਹਾਂ। ਸਭ ਕੁੱਝ ਵੇਖਦੇ ਹੋਏ ਮੈਨੂੰ ਲੱਗਾ ਕਿ ਮੇਰੇ 'ਤੇ ਵਰਕਲੋਡ ਜ਼ਿਆਦਾ ਹੋ ਰਿਹਾ ਹੈ।
ਮੁਸ਼ਫਿਕੁਰ ਨੇ ਕਿਹਾ, ਮੈਂ ਲੰਬੇ ਸਮੇਂ ਤੱਕ ਟੀਮ ਲਈ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ ਅਤੇ ਤਿੰਨਾਂ ਫਾਰਮੈਟਾਂ 'ਚ ਖੇਡਦਾ ਹਾਂ ਜਿਸ ਕਾਰਨ ਮੈਨੂੰ ਆਪਣੀ ਫਿੱਟਨੈਸ ਦਾ ਵੀ ਖਾਸ ਧਿਆਨ ਰੱਖਣਾ ਪਵੇਗਾ। ਹਾਲਾਂਕਿ ਪਿਛਲੇ 5 ਸਾਲ 'ਚ ਮੈਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ ਪਰ ਮੈਂ ਇਸ ਦੌਰਾਨ ਆਰਾਮ ਵੀ ਨਹੀਂ ਲਿਆ ਹੈ। ਮੈਂ ਨਹੀਂ ਚਾਹੁੰਦਾ ਕਿ ਭਵਿੱਖ 'ਚ ਅਜਿਹੀ ਹਾਲਤ ਬਣੇ ਕਿ ਮੈਨੂੰ 1-2 ਸੀਰੀਜ਼ ਤੋਂ ਆਰਾਮ ਲੈਣ ਦੀ ਲੋੜ ਪਵੇ। ਇਸ ਤੋਂ ਚੰਗਾ ਹੈ ਕਿ ਮੇਰਾ ਵਰਕਲੋਡ ਘੱਟ ਰਹੇ ਅਤੇ ਮੈਂ ਲਗਾਤਾਰ ਖੇਡਦਾ ਰਹਾਂ। ਇਸ ਵਜ੍ਹਾ ਕਰਕੇ ਮੈਂ ਟੈਸਟ ਕ੍ਰਿਕਟ 'ਚ ਹੁਣ ਵਿਕਟਕੀਪਿੰਗ ਨਹੀਂ ਕਰਨ ਦਾ ਫੈਸਲਾ ਕੀਤਾ ਹੈ।
ਮੁਸ਼ਫਿਕੁਰ ਨੇ ਕਿਹਾ, ਕਿ ਉਨ੍ਹਾਂ ਨੇ ਆਪਣੇ ਇਸ ਫੈਸਲੇ ਦੀ ਜਾਣਕਾਰੀ ਟੀਮ ਦੇ ਮੁੱਖ ਕੋਚ ਨੂੰ ਬੰਗਲਾਦੇਸ਼-ਏ ਦੇ ਸ਼੍ਰੀਲੰਕਾ ਖਿਲਾਫ ਸੀਰੀਜ਼ ਦੇ ਦੌਰਾਨ ਹੀ ਦੇ ਦਿੱਤੀ ਸੀ।